ਆਪਣੇ ਕਿਸੇ ਨਿੱਜੀ ਰੁਝੇਵੇਂ ਸਦਕਾ ਪਰਸੋਂ ਸਵੇਰੇ-ਸਵੇਰੇ ਮੋਗਾ ਬੱਸ ਅੱਡੇ ਤੋਂ ਚੰਡੀਗੜ੍ਹ ਜਾਣ ਵਾਲੀ ਬੱਸ 'ਚ ਬੈਠਾ ਹੀ ਸਾਂ ਕਿ ਮੇਰੇ ਬਚਪਨ ਦੇ ਹਮਜਮਾਤੀ ਦੋਸਤ ਰਹੇ ਸਾਬਕਾ ਪ੍ਰਿੰਸੀਪਲ ਡਾ. ਕਮਲ ਸਬੱਬੀਂ ਮੇਰੇ ਨਾਲ ਵਾਲੀ ਸੀਟ 'ਤੇ ਆਣ ਬੈਠੇ ਸਨ। ਰਸਮੀ ਦੁਆ-ਸਲਾਮ, ਪੁੱਛਗਿੱਛ ਬਾਅਦ ਉਸ ਦੱਸਿਆ ਕਿ ਉਹ ਹਫ਼ਤਾ ਪਹਿਲਾਂ ਹੀ ਆਸਟ੍ਰੇਲੀਆ ਦੇ ਪੰਦਰਾਂ ਦਿਨਾਂ ਵਿੱਦਿਅਕ ਦੌਰੇ ਉਪਰੰਤ ਭਾਰਤ ਵਾਪਸ ਪਰਤਿਆ ਹੈ। ਮੈਂ ਤਾਂ ਕੀ ਸਭ ਸਾਡੇ ਸੰਬੰਧਿਤ ਵਿਅਕਤੀ ਭਲੀ ਭਾਂਤ ਜਾਣਦੇ ਹਨ ਕਿ ਮੀਂਹ ਜਾਵੇ ਭਾਵੇਂ ਹਨੇਰੀ 'ਦੇਸ ਹੋਵੇ ਜਾਂ ਪ੍ਰਦੇਸ, ਹਰ ਸਵੇਰ ਰੋਜ਼ਾਨਾ ਅਖ਼ਬਾਰ ਖਰੀਦ ਫਿਰ ਧਿਆਨ ਪੂਰਵਕ ਸਾਰਾ ਪੜ੍ਹਨਾ ਡਾ. ਕਮਲ ਦਾ ਪੱਕਾ ਨਿੱਤ ਕਰਮ ਹੈ। ਬੱਸ ਚੱਲਣ 'ਚ ਹਾਲੇ ਕੁਝ ਮਿੰਟਾਂ ਦਾ ਸਮਾਂ ਬਾਕੀ ਸੀ। ਅੱਜ ਦਾ ਤਾਜ਼ਾ ਅਖ਼ਬਾਰ, ਅੱਜ ਦੀ ਤਾਜ਼ੀ ਖ਼ਬਰ, ਅਧਖੜ ਉਮਰ ਵਾਲੇ ਹਾਕਰ ਦੀ ਆਵਾਜ਼ ਸੁਣ ਡਾ. ਕਮਲ ਨੇ ਸੀਟ 'ਤੇ ਬੈਠਿਆਂ ਹੀ ਬੱਸ ਦੀ ਬਾਰੀ 'ਚੋਂ ਅਖ਼ਬਾਰ ਫੜ ਕੁਰਤੇ ਦੀ ਪਾਸੇ ਵਾਲੀ ਜੇਬ 'ਚੋਂ ਹੱਥ ਦੀਆਂ ਉਂਗਲਾਂ ਨਾਲ ਇਕ ਸਿੱਕਾ ਟਟੋਲ ਕੇ ਹਾਕਰ ਦੇ ਹੱਥੀਂ ਫੜਾ ਦਿੱਤਾ।
ਹਾਲੇ ਡਾ. ਕਮਲ ਅਖ਼ਬਾਰੀ ਵਰਕਿਆਂ ਦੀਆਂ ਤਹਿਆਂ ਖੋਲ੍ਹਣ ਲਈ ਅਹੁਲੇ ਹੀ ਸੀ ਕਿ ਹਾਕਰ ਮੋੜਵੇਂ ਪੈਰੀਂ ਸਿੱਕਾ ਵਾਪਸ ਕਰਦਿਆਂ ਬੋਲਿਆ, 'ਭਰਾਵਾ! ਪਤਾ ਨਹੀਂ ਅੱਗੇ ਹੀ ਅਜਿਹੇ ਕਿੰਨੇ ਕੁ ਨਾ ਚੱਲਣ ਵਾਲੇ ਖੋਟੇ ਸਿੱਕੇ ਮੇਰੇ ਕੋਲ ਇਕੱਠੇ ਹੋਏ ਪਏ ਆ...।'
ਡਾ. ਕਮਲ ਨੇ ਬਿਨਾਂ ਸਮਾਂ ਵਿਅਰਥ ਕੀਤਿਆਂ ਉਸੇ ਵੇਲੇ ਹੀ ਆਪਣੀ ਜੇਬ 'ਚੋਂ ਪੰਜ ਰੁਪਏ ਦਾ ਹਰਾ ਕਾਗਜ਼ੀ ਨੋਟ ਉਸ ਨੂੰ ਫੜਾ ਦਿੱਤਾ ਸੀ। ਹਾਕਰ ਵਲੋਂ ਖੋਟਾ ਸਿੱਕਾ ਕਹਿ ਕੇ ਵਾਪਸ ਕੀਤੇ ਸਿੱਕੇ ਨੂੰ ਹੱਥੀਂ ਫੜ ਦੋਵੇਂ ਪਾਸਿਉਂ ਗਹੁ ਨਾਲ ਵੇਖਦਿਆਂ ਡਾ. ਕਮਲ ਬੋਲਿਆ, 'ਧੰਨਵਾਦ! ਭਾਈ ਅਖ਼ਬਾਰ ਵਾਲਿਆ... ਸਵੇਰੇ-ਸਵੇਰੇ ਤੂੰ ਇਕ ਸੌ ਪੈਂਤੀਆਂ ਦਾ ਨੁਕਸਾਨ ਹੋਣੋਂ ਬਚਾਅ...।'
ਕੰਡਕਟਰ ਦੀ ਸੀਟੀ ਵੱਜਣ ਤੋਂ ਹਾਲੇ ਬੱਸ ਨੇ ਕਾਊਂਟਰ ਛੱਡਿਆ ਹੀ ਹੋਵੇਗਾ ਕਿ ਮੈਂ ਆਪਣੇ ਮਨ 'ਚ ਹੁਣੇ-ਹੁਣੇ ਹੀ ਪੈਦਾ ਹੋ ਚੁੱਕੇ ਫਾਲਤੂ ਜਿਹੀ ਕਿਸਮ ਦੇ ਖਰੂਦ ਦੇ ਸਮਾਧਾਨ ਲਈ ਪੁੱਛ ਹੀ ਲਿਆ, 'ਡਾ. ਸਾਹਬ! ਕੀ ਬੁਝਾਰਤ?... ਕੀ ਮਾਮਲਾ? ਮੇਰੇ ਸਾਹਮਣੇ ਹੀ ਹਾਕਰ ਨੇ ਥੋਨੂੰ ਪੰਜ ਰੁਪਏ ਦਾ ਸਿੱਕਾ ਖੋਟਾ ਕਹਿੰਦਿਆਂ ਵਾਪਸ ਕਰ ਦਿੱਤਾ। ਜਿਸ ਦੇ ਬਦਲੇ ਤੁਸੀਂ ਫਿਰ ਉਸ ਨੂੰ ਪੰਜ ਰੁਪਏ ਦਾ ਕਾਗਜ਼ੀ ਨੋਟ ਫੜਾਇਆ... ਅਤੇ ਹਿਸਾਬ ਬਰਾਬਰ... ਮੇਰੀ ਸਮਝੇ ਥੋਡੀ ਇਹ ਗੱਲ ਨਹੀਂ ਪਈ ਕਿ ਥੋਡਾ 135 ਰੁਪਏ ਦਾ ਨੁਕਸਾਨ ਹੋਣੋਂ ਕਿਵੇਂ...?'
ਥੋੜ੍ਹਾ ਹੱਸਦਿਆਂ ਅਤੇ ਮੇਰੀ ਗੱਲ ਵਿਚਾਲੇ ਹੀ ਕੱਟਦਿਆਂ ਉਹ ਬੋਲਿਆ, 'ਵੀਰਿਆ! ਵੇਖ... ਹਾਕਰ ਵੀ ਸੱਚਾ ਅਤੇ ਮੈਂ ਵੀ ਆਪਣੇ ਥਾਏਂ ਸਹੀ... ਸਵੇਰੇ-ਸਵੇਰੇ ਘਰੋਂ ਨਿਕਲਣ ਵੇਲੇ ਕਾਹਲੀ-ਕਾਹਲੀ ਨਾਲ ਅਲਮਾਰੀ 'ਚ ਰੱਖੇ ਪੈਸਿਆਂ 'ਚੋਂ ਅਖ਼ਬਾਰ ਖਰੀਦਣ ਲਈ ਪੰਜ ਰੁਪਏ ਦੇ ਭਾਰਤੀ ਸਿੱਕੇ ਦੀ ਬਜਾਏ ਭੁਲੇਖੇ ਨਾਲ ਮਿਲਦੇ-ਜੁਲਦੇ ਅਕਾਰ, ਰੰਗ-ਰੂਪ ਵਾਲਾ ਆਸਟ੍ਰੇਲੀਆ ਦਾ ਦੋ ਡਾਲਰ ਵਾਲਾ ਸਿੱਕਾ ਫੜ ਹੋ ਗਿਆ ਸੀ, ਜੋ ਕਿ ਭਾਰਤੀ ਕਰੰਸੀ ਦੇ 140 ਰੁਪਏ ਦੇ ਬਰਾਬਰ ਮੁੱਲ ਵਾਲਾ ਹੈ। ਮੰਨ ਲਵੋ, ਜੇ ਹਾਕਰ ਇਹ ਦੋ ਡਾਲਰ ਦਾ ਸਿੱਕਾ ਵਾਪਸ ਨਾ ਕਰਦਾ ਤਾਂ ਹੋ ਗਿਆ ਸੀ ਸਿੱਧਾ 135 ਰੁਪਏ ਦਾ ਘਾਟਾ...।'
ਹੁਣ ਮੇਰੇ ਜ਼ਿਹਨ 'ਚ ਉਪਜੇ ਖਰੂਦ ਦਾ ਪੂਰਨ ਸਮਾਧਾਨ ਹੋ ਚੁੱਕਾ ਸੀ, ਜਦਕਿ ਡਾ. ਕਮਲ ਆਸੇ-ਪਾਸੇ ਤੋਂ ਪੂਰੀ ਤਰ੍ਹਾਂ ਬੇਖ਼ਬਰ ਅਖ਼ਬਾਰ ਪੜ੍ਹਨ 'ਚ ਮਸਤ ਸਨ।
-ਮਸੀਤਾਂ ਰੋਡ, ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ।
ਮੋਬਾਈਲ : 70870-48140