02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਮੋਬਾਈਲ ਤੋਂ ਤੌਬਾ

ਮੋਬਾਈਲ ਤੋਂ ਤੌਬਾ

Ad Position 21
No active advertisement
ਅਜੀਤ ਡੈਸਕ 02-08-2026

ਤਾਏ ਬਿਸ਼ਨ ਸਿਉਂ ਨੂੰ ਜਦ ਵੀ ਵਿਹਲ ਮਿਲਦਾ ਝੱਟ ਮੋਬਾਈਲ ਵੇਖਣ ਲੱਗ ਜਾਂਦਾ। ਸਵੇਰੇ ਉੱਠਦੇ ਸਾਰ ਵੱਟਸ ਐਪ ਖੋਲ੍ਹ ਲੈਂਦਾ ਜਾਂ ਯੂ-ਟਿਊਬ ਅਤੇ ਇੰਸਟਾਗ੍ਰਾਮ ਵੇਖਦਾ। ਇਸ ਵਿਚ ਤਾਏ ਦਾ ਕੀ ਕਸੂਰ ਸੀ? ਤਾਇਆ ਬਹੁਤ ਗਰੁੱਪਾਂ ਨਾਲ ਜੁੜਿਆ ਹੋਇਆ ਸੀ। ਸ਼ੇਅਰ ਚੈਟ ਅਤੇ ਫੇਸਬੁੱਕ ਵੀ ਚਲਾਉਂਦਾ ਸੀ। ਤਾਏ ਨੂੰ ਇਕ ਭੈੜੀ ਆਦਤ ਪੈ ਗਈ। ਉਹ ਸੋਹਣੀਆਂ-2 ਕੁੜੀਆਂ ਦੀਆਂ ਫੋਟੋਆਂ ਡੀਲੀਟ ਨਾ ਕਰਦਾ। ਤਾਈ ਤੋਂ ਡਰਦਾ ਲੁਕਾਈਆਂ ਹੋਈਆਂ ਐਲਬਮਾਂ ਵਿਚ ਭੇਜ ਦਿੰਦਾ। ਜਦ ਤਾਈ ਘਰ ਨਾ ਹੁੰਦੀ, ਮਨ ਨੂੰ ਬਹਿਲਾਉਣ ਲਈ ਉਹੀ ਦੇਖਦਾ ਰਹਿੰਦਾ ਜਾਂ ਯੂ ਟਿਊਬ ਦੇਖਦਾ। ਅੱਧੀ ਬੈਟਰੀ ਅੱਠ ਨੌਂ ਵੱਜਦੇ ਨੂੰ ਚੱਕ ਦਿੰਦਾ।
ਜੇ ਤਾਈ ਨੇ ਕਹਿਣਾ, 'ਉੱਠਦੇ ਸਾਰ ਮੋਬਾਈਲ ਚੁੱਕ ਲਿਆ, ਉੱਠ ਕੇ ਬਰੱਸ਼ ਕਰ ਲੈ, ਮੈਂ ਕਦੋਂ ਦੀ ਚਾਹ ਬਣਾਈ ਬੈਠੀ ਹਾਂ, ਸਾਰੀ ਦਿਹਾੜੀ ਇਸਦੇ ਨਾਲ ਹੀ ਖੇਹ ਖਾਣੀ ਹੈ, ਖਾ ਪੀ ਤਾਂ ਵੇਲੇ ਸਿਰ ਲਿਆ ਕਰ।' ਤਾਏ ਨੇ ਕਹਿਣਾ, 'ਬੁਰਸ਼ ਕਰਨ ਨੂੰ ਕੀ ਐ, ਸ਼ੇਰਾਂ ਦੇ ਮੂੰਹ ਕੀਹਨੇ ਧੋਤੇ ਐ, ਚਾਹ ਚੱਕ ਕੇ ਲਿਆ, ਬੁਰਸ਼ ਨਹਾਉਣ ਵੇਲੇ ਕਰ ਲੂੰ।'
ਤਾਈ ਚਾਹ ਦਾ ਕੱਪ ਬੈੱਡ ਦੇ ਦਰਾਜ 'ਤੇ ਰੱਖ ਜਾਂਦੀ, ਪਰ ਤਾਇਆ ਮੋਬਾਈਲ ਵਿਚ ਖੁੱਭਿਆ ਚਾਹ ਵੱਲ ਧਿਆਨ ਨਾ ਦਿੰਦਾ। ਜੇ ਤਾਈ ਨੇ ਆ ਕੇ ਕਹਿਣਾ, 'ਡੱਫ ਲੈ ਚਾਹ, ਫੇਰ ਵੇਖ ਲਈਂ ਛੱਡ ਦੇ ਇਸ ਦਾ ਖਹਿੜਾ, ਸਾਰੀ ਦਿਹਾੜੀ ਪਈ ਹੈ।' ਤਾਂ ਤਾਏ ਨੇ ਕਹਿਣਾ, 'ਚਾਹ ਤੱਤੀ ਹੈ ਮੈਂ ਸੰਘ ਫੂਕਣਾ? ਘੁੱਟ ਭਰ ਕੇ ਵੇਖੀ ਹੈ, ਪੀ ਲੈਨਾਂ।'
ਤਾਈ ਨੇ ਫੇਰ ਪੰਦਰਾਂ ਵੀਹ ਮਿੰਟਾਂ ਬਾਅਦ ਕੱਪ ਚੁੱਕਣ ਆਉਣਾ, ਤਾਂ ਤਾਏ ਨੇ ਘੁੱਟ ਭਰ ਕੇ ਕਹਿਣਾ, 'ਉਹ ਯਾਰ, ਚਾਹ ਤਾਂ ਠੰਢੀ ਹੋ ਗਈ, ਮਾੜੀ ਜਿਹੀ ਗਰਮ ਕਰ ਲਿਆ।' ਤਾਈ ਨੇ ਬੁੜ-ਬੁੜ ਕਰਦੀ ਨੇ ਫੇਰ ਚਾਹ ਗਰਮ ਕਰਕੇ ਲਿਆਉਣੀ। ਚਾਹ ਫੇਰ ਠੰਢੀ ਹੋ ਜਾਣੀ। ਤਾਏ ਨੇ ਤਾਈ ਤੋਂ ਡਰਦੇ ਨੇ ਮੋਟੀਆਂ-ਮੋਟੀਆਂ ਘੁੱਟਾਂ ਭਰ ਲੈਣੀਆਂ, ਜਦ ਤਾਇਆ ਦਰਾਜ 'ਤੇ ਕੱਪ ਰੱਖਣ ਲੱਗਿਆ ਤਾਂ ਕੱਪ ਹੇਠਾਂ ਡਿਗ ਕੇ ਟੁੱਟ ਗਿਆ। ਤਾਏ ਦਾ ਧਿਆਨ ਤਾਂ ਮੋਬਾਈਲ 'ਚ ਸੀ। ਖੜਕਾ ਸੁਣ ਕੇ ਤਾਈ ਘੁਰਕੀ ਲੈ ਕੇ ਪਈ, 'ਤੋੜ ਤਾ!! ਕਰਤਾ ਸੈੱਟ ਖ਼ਰਾਬ! ਇਸ ਬੰਦੇ ਨੇ ਪਤਾ ਨੀ ਕਿੰਨੇ ਕੱਪ ਤੋੜ ਤੇ, ਅੱਗ ਲੱਗ ਜਾਵੇ ਇਹਦੇ ਮੋਬਾਈਲ ਨੂੰ, ਮੈਂ ਇਕ ਦਿਨ ਭੰਨ ਦੇਣਾ ਅੱਕੀ ਹੋਈ ਨੇ। ਕਿੰਨੀ ਵਾਰੀ ਕਿਹਾ ਪਹਿਲਾਂ ਚਾਹ ਫੂਕ ਲਿਆ ਕਰ, ਰੱਬ ਦਿਆ ਬੰਦਿਆ, ਕਿਉਂ ਮੈਨੂੰ ਸਵੇਰੇ-ਸਵੇਰੇ ਤਪਾਉਣ ਲੱਗ ਜਾਨਾਂ।' ਟੁਕੜੇ ਚੁੱਕਦੀ ਤਾਈ ਕਿੰਨਾ ਕੁਝ ਬੋਲੀ ਗਈ ਪਰ ਤਾਇਆ ਢੀਠ ਜਿਹਾ ਹੋ ਕੇ ਮੋਬਾਈਲ ਵੇਖੀ ਜਾਂਦਾ।
ਜਦ ਤਾਈ ਦਾ ਬਾਪੂ ਰਿਸ਼ਤਾ ਕਰਨ, ਬਿਸ਼ਨ ਸਿਉਂ ਨੂੰ ਦੇਖਣ ਆਇਆ, ਹਾਂ ਕਰਕੇ ਰਿਸ਼ਤਾ ਪੱਕਾ ਕਰ ਗਿਆ। ਤਾਂ ਘਰ ਜਾ ਕੇ ਮੁੰਡੇ ਦੀਆਂ ਸਿਫਤਾਂ ਕਰਦਾ ਆਪਣੀ ਪਤਨੀ ਨੂੰ ਕਹਿਣ ਲੱਗਿਆ, 'ਚਿੰਤੀਏ ਮੁੰਡਾ ਬਹੁਤ ਸਾਊ ਹੈ, ਮੇਰੇ ਅੱਗੇ ਉਸਨੇ ਅੱਖ ਨਹੀਂ ਚੱਕੀ, ਨੀਵੀਂ ਪਾਈ ਬੈਠਾ ਰਿਹਾ। ਜੇ ਕੋਈ ਗੱਲ ਪੁੱਛਦਾ ਸੀ, ਤਾਂ ਹੌਲੀ ਦੇ ਕੇ ਨੀਵੀਂ ਪਾਈ ਜਵਾਬ ਦਿੰਦਾ ਸੀ।' ਤਾਈ ਨੂੰ ਸਹੁਰੇ ਘਰ ਜਾ ਕੇ ਪਤਾ ਲੱਗਿਆ ਕਿ ਇਹ ਨੀਵੀਂ ਮੇਰੇ ਬਾਪੂ ਤੋਂ ਸ਼ਰਮਾਉਂਦਾ ਨਹੀਂ ਸੀ ਪਾਉਂਦਾ। ਨੀਵੀਂ ਪਾਉਣ ਦੀ ਆਦਤ ਤਾਂ ਇਹਨੂੰ ਮੋਬਾਈਲ ਦੇਖਣ ਕਰਕੇ ਪਈ ਹੋਈ ਸੀ।
ਤਾਇਆ ਜੇ ਕਿਤੇ ਰਿਸ਼ਤੇਦਾਰੀ ਵਿਚ ਜਾਂਦਾ, ਫੋਨ ਦੀ ਬੈਟਰੀ ਫੁੱਲ ਕਰਕੇ ਲੈ ਕੇ ਜਾਂਦਾ। ਬੱਸ ਵਿਚ ਬੈਠਦੇ ਸਾਰ ਕੱਢ ਲੈਂਦਾ। ਜੇ ਕੰਡਕਟਰ ਟਿਕਟ ਲਈ ਵਾਜਾਂ ਮਾਰਦਾ, ਤਾਂ ਤਾਏ ਨੇ ਮੋਬਾਈਲ 'ਚ ਖੁੱਭੇ ਨੇ ਅਣਸੁਣਿਆ ਕਰ ਦੇਣਾ, ਫੇਰ ਕੰਡਕਟਰ ਨੇ ਕਹਿਣਾ, 'ਉਏ ਭਾਊ ਟਿਕਟ ਤਾਂ ਕਟਾ ਲੈ ਮੋਬਾਈਲ ਵੇਖੀ ਜਾਨਾਂ, ਜੇ ਚੈੱਕਰ ਚੜ੍ਹ ਗਿਆ ਹੋਰ ਨਾ ਮੈਨੂੰ ਪੰਗਾ ਖੜ੍ਹਾ ਕਰ ਦੇਈਂ।' ਤਾਏ ਨੇ ਤਾਂ ਟਿਕਟ ਕਟਾਉਣੀ। ਤਾਏ ਨੇ ਮੋਬਾਈਲ ਵੇਖਦੇ ਵੇਖਦੇ ਨੇ ਆਪਣਾ ਅੱਡਾ ਲੰਘਾ ਲਿਆ। ਬੱਸ ਕਿੰਨੇ ਹੀ ਕਿਲੋਮੀਟਰ ਅੱਗੇ ਲੰਘ ਆਈ। ਜਦ ਤਾਏ ਨੂੰ ਪਤਾ ਲੱਗਿਆ ਕਿ ਮੈਂ ਤਾਂ ਪਿੱਛੇ ਉਤਰਨਾ ਸੀ। ਘਬਰਾਇਆ ਹੋਇਆ ਕੰਡਕਟਰ ਨੂੰ ਕਹਿੰਦਾ, 'ਜੀ ਰੋਕਿਓ ਬੱਸ, ਮੈਂ ਤਾਂ ਪਿੱਛੇ ਉਤਰਨਾ ਸੀ।' ਕੰਡਕਟਰ ਗੁੱਸੇ ਹੁੰਦਾ ਬੋਲਦਾ, 'ਹੁਣ ਅਗਲੇ ਅੱਡੇ 'ਤੇ ਉੱਤਰੀਂ, ਮੈਂ ਅਵਾਜਾਂ ਮਾਰਦਾ ਰਿਹਾ, ਤੂੰ ਮੋਬਾਈਲ 'ਚ ਵੜਿਆ ਹੋਇਆ ਸੀ।'
ਰਿਸ਼ਤੇਦਾਰਾਂ ਦੇ ਘਰ ਜਾ ਕੇ ਤਾਇਆ ਦੁਆ ਸਲਾਮ ਕਰਕੇ ਮੋਬਾਈਲ ਕੱਢ ਲੈਂਦਾ, ਅਗਲਿਆਂ ਨੇ ਕਹਿਣਾ, 'ਬਿਸ਼ਨ ਸਿਉਂ ਭਾਈ ਚਾਹ ਪੀ ਲੈ ਮੱਖੀ ਨਾ ਡਿਗ ਪਵੇ, ਇਹ ਫੇਰ ਵੇਖ ਲਈਂ ਸੁਣਾ ਕੋਈ ਗੱਲਬਾਤ ਘਰ ਦੀ, ਤੂੰ ਆਉਂਦੀ ਸਾਰ ਮੋਬਾਈਲ ਨੂੰ ਚਿੰਬੜ ਗਿਆ।' ਤਾਇਆ ਸਿੱਧਾ ਜਿਹਾ ਪੈ ਗਿਆ, ਉਹ ਚਾਹ ਦੀਆਂ ਘੁੱਟਾਂ ਭਰਦਾ ਮੋਬਾਈਲ ਵੇਖੀ ਜਾਵੇ। ਰੋਟੀ ਪਾਣੀ ਖਾ ਕੇ ਦੁਆ ਸਲਾਮ ਕਰਕੇ ਤੁਰ ਪੈਣਾ। ਰਿਸ਼ਤੇਦਾਰਾਂ ਨੇ ਕਹਿਣਾ, 'ਕੁੱਤਾ ਕਪਾਹ ਚੋਂ ਲੰਘ ਜੂ, ਕੀ ਰਜਾਈ ਭਰਾ ਲੂ' ਉਹ ਕੰਮ ਬਿਸ਼ਨ ਸਿਉਂ ਦਾ। ਜਿਹੋ ਜਿਹਾ ਆਇਆ ਜਾਂ ਨਾ ਆਇਆ ਇਕ ਬਰਾਬਰ ਹੈ। ਨਾ ਕੋਈ ਗੱਲਬਾਤ ਕੀਤੀ ਨਾ ਮੋਬਾਈਲ ਦਾ ਹੀ ਖਹਿੜਾ ਛੱਡਿਆ।
ਤਾਏ ਨੇ ਕਈ ਸਾਲ ਪ੍ਰਾਈਵੇਟ ਸਕੂਲ 'ਚ ਨੌਕਰੀ ਕੀਤੀ ਸੀ। ਤਾਇਆ ਜਮਾਤ ਨੂੰ ਪੜ੍ਹਾਉਂਦਿਆਂ ਮੋਬਾਈਲ ਵੇਖੀ ਜਾਂਦਾ ਸੀ। ਕੁੜੀਆਂ ਨੇ ਤਾਏ ਦੀ ਸ਼ਿਕਾਇਤ ਪ੍ਰਿੰਸੀਪਲ ਕੋਲ ਲਾ ਦਿੱਤੀ। ਪ੍ਰਿੰਸੀਪਲ ਆ ਕੇ ਤਾਏ ਨਾਲ ਲੜ ਪਿਆ। ਤਾਏ ਨੇ ਨੌਕਰੀ ਛੱਡ ਦਿੱਤੀ।
ਤਾਏ ਨੇ ਸ਼ਾਮ ਨੂੰ ਅਧੀਏ ਪਊਏ ਦਾ ਜੁਗਾੜ ਕਰਨ ਲਈ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਦੀਆਂ ਟਿਊਸ਼ਨਾਂ ਰੱਖ ਲਈਆਂ। ਵਿਦਿਆਰਥੀਆਂ ਨੂੰ ਅਲੱਗ ਅਲੱਗ ਟਾਈਮ ਦੇ ਰੱਖਿਆ ਸੀ। ਤਾਇਆ ਟਿਊਸ਼ਨਾਂ ਤੇ ਆਏ ਬੱਚਿਆਂ ਨੂੰ ਕੰਮ ਦੱਸ ਕੇ ਆਪ ਮੋਬਾਈਲ ਦੇਖਣ ਲੱਗ ਜਾਂਦਾ, ਜੇ ਕੋਈ ਬੱਚਾ ਪੁੱਛਦਾ ਜੀ ਆਹ ਸਮਝਾਇਓ ਤਾਂ ਅੱਗੋਂ ਤਾਇਆ ਕਹਿ ਦਿੰਦਾ, 'ਰੁਕ ਦੋ ਮਿੰਟ ਦੱਸਦਾ।' ਮੁੰਡੇ ਪਿੱਠ ਪਿੱਛੇ ਕਹਿੰਦੇ, 'ਯਾਰ ਤਾਇਆ ਮੋਬਾਈਲ ਲੈ ਕੇ ਬੈਠ ਜਾਂਦਾ, ਕੀ ਗੱਲ ਅਸੀਂ ਟਿਊਸ਼ਨ ਦੇ ਰੁਪਏ ਨਹੀਂ ਦਿੰਦੇ, ਪੜ੍ਹਾਉਣ ਨਾਲੋਂ ਮੋਬਾਈਲ ਨੂੰ ਜ਼ਿਆਦਾ ਸਮਾਂ ਦਿੰਦਾ।' ਕਈ ਬੱਚੇ ਤਾਂ ਤਾਏ ਦੀ ਇਸ ਆਦਤ ਦੇਖ ਕੇ ਟਿਊਸ਼ਨ ਹੀ ਛੱਡ ਗਏ।
ਇਕ ਦਿਨ ਤਾਏ ਨੂੰ ਕਿਸੇ ਮਿਲਣ ਆਏ ਬੰਦੇ ਨੇ ਗੇਟ 'ਤੇ ਖੜ੍ਹ ਕੇ ਹਾਕ ਮਾਰੀ, ਤਾਇਆ ਮੋਬਾਈਲ ਵੇਖਦਾ ਵੇਖਦਾ ਅੰਦਰ ਰੱਖ ਕੇ ਬਾਹਰ ਨੂੰ ਚਲਾ ਗਿਆ। ਇਕ ਸ਼ੈਤਾਨ ਕੁੜੀ ਨੇ ਫੋਨ ਚੁੱਕਿਆ ਝੱਟ ਜਾ ਕੇ ਤਾਈ ਨੂੰ ਮੋਬਾਈਲ ਵਿਖਾਉਣ ਲੱਗੀ। ਤਾਈ ਵੇਖ ਤਾਇਆ ਸਾਨੂੰ ਪੜ੍ਹਾਉਂਦਾ ਘੱਟ ਆ ਤੇ ਸੋਹਣੀਆਂ-ਸੋਹਣੀਆਂ ਕੁੜੀਆਂ ਦੇਖਦਾ ਰਹਿੰਦਾ, ਆਹ ਵੇਖ ਲੈ ਜੇ ਮੇਰਾ ਸੱਚ ਨੀ ਆਉਂਦਾ।
ਤਾਈ ਝੂਰਦੀ ਹੋਈ ਮੱਥੇ ਤੇ ਹੱਥ ਮਾਰਦੀ ਬੋਲੀ, 'ਬੂ ਮੈਂ ਮਰਜਾਂ ਵੇਖ ਚੌਰੇ ਨੂੰ ਸ਼ਰਮ ਨੀ ਆਉਂਦੀ, ਧੌਲਾ ਝਾਟਾ, ਮੈਂ ਵੀ ਸੋਚਦੀ ਹਾਂ ਇਹ ਚੱਤੋ ਪਹਿਰ ਮੋਬਾਈਲ ਦਾ ਖਹਿੜਾ ਕਿਉਂ ਨੀ ਛੱਡਦਾ। ਇਹਨੇ ਆਪਣੀ ਨਿਗਾਹ ਘਟਾ ਲੈਣੀ ਹੈ ਹੋਰ ਨਾ ਲੈਨਜ਼ ਪਾਉਣੇ ਪੈਣ। ਕਿਵੇਂ ਛੁਡਾਵਾਂ ਇਹਦਾ ਖਹਿੜਾ। ਜੇ ਬਹੁਤਾ ਟੋਕਦੀ ਹਾਂ, ਫੇਰ ਲੜ ਪੈਂਦਾ ਜਵਾਕਾਂ ਵਾਂਗੂ ਰੋਟੀ ਛੱਡ ਦਿੰਦਾ। ਅੱਗੋਂ ਆਖੂ ਤੈਨੂੰ ਤਾਂ ਮੇਰਾ ਮੋਬਾਈਲ ਚੁੱਭਦਾ ਰਹਿੰਦਾ, ਮੈਂ ਤਾਂ ਭੋਰੇ ਵਾਲੇ ਸਾਧ ਦੇ ਪੰਜ ਵੀਰਵਾਰ ਚੌਂਕੀਆਂ ਭਰ ਆਈ ਹਾਂ। ਸਾਧ ਵੱਲੋਂ ਦਿੱਤੀਆਂ ਪੁੜੀਆਂ ਵੀ ਸ਼ਿਕੰਜਵੀ ਵਿਚ ਘੋਲ ਕੇ ਦਿੱਤੀਆਂ ਨੇ ਬਈ ਨਿੰਬੂ ਪਾਣੀ 'ਚ ਪੁੜੀਆਂ ਦਾ ਪਤਾ ਨਹੀਂ ਲੱਗੂ, ਪਰ ਇਹਦੇ 'ਤੇ ਕੋਈ ਅਸਰ ਨੀ ਹੋਇਆ।'
ਐਤਵਾਰ ਦਾ ਦਿਨ ਸੀ। ਤਾਇਆ ਬੱਚਿਆਂ ਨੂੰ ਕੰਮ ਦੇ ਕੇ ਆਪ ਸਵੇਰ ਦੀ ਰੋਟੀ ਖਾ ਕੇ ਅਖਬਾਰ ਪੜ੍ਹਨ ਲੱਗਿਆ। ਪੜ੍ਹਦਾ-ਪੜ੍ਹਦਾ ਸੌਂ ਗਿਆ। ਇੰਨੇ ਨੂੰ ਇਕ ਹੱਟਾ ਕੱਟਾ ਸਾਧ ਗਜ਼ਾ ਕਰਦਾ ਤਾਈ ਦੇ ਦਰ੍ਹਾਂ, ਆ ਕੇ ਗਜ਼ਾ ਪਾਉਣ ਲਈ ਕਹਿਣ ਲੱਗਾ। ਅੱਕੀ ਹੋਈ ਤਾਈ ਸਾਧ ਨੂੰ ਰਾਤ ਦੀਆਂ ਚਾਰ ਪੰਜ ਰੋਟੀਆਂ ਫੜਾਉਂਦੀ ਬੋਲੀ, 'ਬਾਬਾ ਆ ਮੋਬਾਈਲ ਲੈ ਜਾ ਮੇਰਾ ਆਦਮੀ ਇਹਦਾ ਖਹਿੜਾ ਨੀ ਛੱਡਦਾ, ਗੱਲ ਸੁਣ ਆਹ ਦੋ ਸੌ ਰੁਪਇਆ ਫੜ, ਹੁਣ ਤੂੰ ਪਿੰਡ ਵਿਚ ਕਿਸੇ ਤੋਂ ਖੈਰ ਨਾ ਮੰਗੀਂ, ਜਿੰਨੀ ਛੇਤੀ ਹੋਵੇ ਪਿੰਡ ਤੋਂ ਬਾਹਰ ਭੱਜ ਜਾਹ। ਹਾਂ ਜੇ ਮੋਬਾਈਲ ਆਇਆ ਤੂੰ ਇਹ ਕਹਿ ਕੇ ਫੋਨ ਕੱਟ ਦੀਂ ਕਿ ਤਾਇਆ ਸੁੱਤਾ ਪਿਆ। ਸਾਧ ਮੋਬਾਈਲ ਲੈ ਕੇ ਤਿੱਤਰ ਹੋਇਆ ਤਾਈ ਨੂੰ ਅਸੀਸਾਂ ਦਿੰਦਾ ਗਿਆ। ਤਾਈ ਕਹਿੰਦੀ, 'ਨਾ ਰਿਹਾ ਬਾਂਸ ਨਾਂ ਵੱਜੂ ਬੰਸਰੂ।'
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 94636-56728

Ad Position 22
No active advertisement
ਪਿਛਲੀ ਖ਼ਬਰ ਸਮਾਧਾਨ ਅਗਲੀ ਖ਼ਬਰ ਸਿਮਰਨਜੋਤ ਮਾਨ
Ad Position 24
No active advertisement