01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਛੋਟਾ ਭਾਂਡਾ

Ad Position 21
No active advertisement
ਅਜੀਤ ਡੈਸਕ 26-07-2026


ਛੋਟੇ ਜਿਹੇ ਕੱਚੇ ਕੋਠੇ 'ਚ ਰਹਿੰਦੇ ਇਕ ਪਰਿਵਾਰ ਦੇ ਘਰ 'ਚ ਵਰਤੋਂ ਲਈ ਮਿੱਟੀ ਦੇ ਭਾਂਡੇ ਪਏ ਸਨ। ਜਿਨ੍ਹਾਂ ਵਿਚ ਕਈ ਤੌੜੇ, ਚਾਟੀ, ਕਾੜ੍ਹਨੀ ਅਤੇ ਇਕ ਛੋਟਾ ਜਿਹਾ ਕੁੱਜਾ ਵੀ ਸੀ। ਇਨ੍ਹਾਂ ਵੱਡੇ ਭਾਂਡਿਆਂ 'ਚ ਮਾਲਕ ਵਲੋਂ ਦੁੱਧ, ਦਹੀਂ, ਲੱਸੀ, ਮੱਖਣ, ਘਿਉ, ਪਾਣੀ ਆਦਿ, ਹਮੇਸ਼ਾ ਕੁਝ ਨਾ ਕੁਝ ਭਰਕੇ ਰੱਖਿਆ ਹੁੰਦਾ ਸੀ। ਪਰ ਇਕ ਛੋਟੇ ਜਿਹੇ ਕੁੱਜੇ 'ਚ ਦੋ ਚਾਰ ਟਕਿਆਂ, ਪੈਸਿਆਂ ਤੋਂ ਸਿਵਾਇ ਕੁਝ ਨਾ ਹੁੰਦਾ। ਉਹ ਆਪਣੇ-ਆਪ ਨੂੰ ਵੱਡਿਆਂ ਦੇ ਮੁਕਾਬਲੇ ਹੀਣ-ਭਾਵਨਾ ਨਾਲ ਦੇਖਦਾ। ਜਿੱਥੇ ਵੱਡੇ ਭਾਂਡੇ ਦੁੱਧ, ਮੱਖਣ, ਘਿਉ, ਲੱਸੀ ਤੇ ਪਾਣੀ ਨਾਲ ਤਰ ਹੋਏ ਰਹਿੰਦੇ, ਉੱਥੇ ਉਹ ਹਮੇਸ਼ਾ ਖੁਸ਼ਕ ਹੀ ਰਹਿੰਦਾ। ਉਸ ਦੇ ਬੁੱਲ੍ਹ ਸੁੱਕੇ ਰਹਿੰਦੇ। ਮਾਲਕ ਆਏ ਦਿਨ ਵੱਡੇ ਭਾਂਡਿਆਂ 'ਚ ਕੁਝ ਨਾ ਕੁਝ ਕੱਢਦਾ-ਪਾਉਂਦਾ ਰਹਿੰਦਾ। ਛੋਟਾ ਕੁੱਜਾ ਮਨ ਹੀ ਮਨ ਰੁੱਝਦਾ ਕਿ ਉਸਦੀ ਕੋਈ ਪ੍ਰਵਾਹ ਨਹੀਂ ਕਰਦਾ। ਕੀ ਹੋਇਆ ਮੈਂ ਛੋਟਾ ਹਾਂ, ਪਰ ਜੋ ਇਨ੍ਹਾਂ ਵੱਡੇ ਭਾਂਡਿਆਂ 'ਚ ਸਮਾਨ ਪਾਇਆ ਜਾਂਦਾ ਹੈ, ਉਹ ਮੇਰੇ ਵਿਚ ਵੀ ਪਾਇਆ ਜਾ ਸਕਦਾ। ਮੈਂ ਕਿਸੇ ਨਾਲੋਂ ਘੱਟ ਨਹੀਂ। ਜਿਸਨੇ ਮੈਨੂੰ ਬਣਾਇਆ, ਉਸਨੇ ਕੁਝ ਤਾਂ ਸੋਚ ਕੇ ਹੀ ਬਣਾਇਆ ਹੋਵੇਗਾ! ਉਹ ਵੱਡਿਆਂ ਨੂੰ ਤਾਨ੍ਹੇ ਵੀ ਮਾਰਦਾ, ਪਰ ਉਸਦੀ ਕੋਈ ਗੱਲ ਨਾ ਸੁਣਦਾ। ਵੱਡੇ ਭਾਂਡਿਆਂ ਨੇ ਉਸਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਸਦੇ ਕੰਨ 'ਤੇ ਜੂੰ ਨਾ ਸਰਕਦੀ। ਉਹ ਮਨ ਹੀ ਮਨ ਉਨ੍ਹਾਂ ਨਾਲ ਈਰਖਾ 'ਚ ਬੋਲ-ਕਬੋਲ ਵੀ ਕਰਦਾ।
ਉਸਦੇ ਹਾਲਾਤ ਨੂੰ ਸਮਝਦਿਆਂ ਵੱਡੇ ਭਾਂਡਿਆਂ 'ਚ ਆਪਸੀ ਵਿਚਾਰ-ਚਰਚਾ ਹੁੰਦੀ ਰਹਿੰਦੀ। ਤੌੜਾ, ਛੋਟੇ ਭਾਂਡੇ 'ਤੇ ਤਰਸ ਕਰਦਾ ਤਾਂ ਕਾੜ੍ਹਨੀ ਤੇ ਚਾਟੀ ਸਮਝਾਉਣਾ ਕਰਦੀਆਂ ਕਿ ਇਹ ਆਪਣੇ ਹੱਥ ਵੱਸ ਕੁਝ ਨਹੀਂ ਵੀਰਾ। ਜੋ ਮਾਲਿਕ ਦੀ ਰਜ਼ਾ, ਜਿੱਥੇ ਉਹ ਰੱਖੇ ਉੱਥੇ ਰਹਿਣਾ ਪੈਂਦਾ। ਛੋਟਾ ਭਾਂਡਾ ਇਹ ਸੁਣ ਕੇ ਝੱਟ ਆਖਦਾ, 'ਤੁਸੀਂ ਮੈਨੂੰ ਦੇਖ ਕੇ ਜਰਦੇ ਨਹੀਂ। ਕੀ ਹੋਇਆ ਮੈਂ ਛੋਟਾ ਹਾਂ, ਪਰ ਬਹੁਤ ਸਾਰੀਆਂ ਖੂਬੀਆਂ ਮੇਰੇ ਵਿਚ ਵੀ ਨੇ। ਤੁਸੀਂ ਤਾਂ ਅੰਦਰ-ਬਾਹਰ ਹੁੰਦੀਆਂ ਰਹਿੰਦੀਆਂ ਹੋ। ਤੁਸੀਂ ਦੁੱਧ, ਮਲਾਈਆਂ, ਮੱਖਣੀਆਂ, ਲੱਸੀ, ਪਾਣੀ ਭਰਿਆ ਨਾਲ ਹਮੇਸ਼ਾ ਤਰ ਰਹਿੰਦੀਆਂ ਹੋ, ਪਰ ਮੇਰੀ ਖੁਸ਼ਕੀ ਮੈਨੂੰ ਚਿੜਾਉਂਦੀ ਹੈ'।
ਕਾੜ੍ਹਨੀ ਨੇ ਕਿਹਾ, 'ਛੋਟੇ ਵੀਰ ਤੂੰ ਸਾਡੇ ਨਾਲ ਨਰਾਜ਼ ਨਾ ਹੋਇਆ ਕਰ। ਦੂਜੇ ਦੀ ਥਾਲੀ 'ਚ ਲੱਡੂ ਹਮੇਸ਼ਾ ਵੱਡਾ ਹੀ ਦਿਸਦਾ, ਪਰ ਹੁੰਦਾ ਇਕੋ ਜਿਹਾ ਹੈ। ਮੈਂ ਸਵੇਰੇ ਤੋਂ ਸ਼ਾਮ ਤੱਕ ਅੱਗ 'ਚ ਤਪਦੀ ਹਾਂ। ਦੁੱਧ ਕੜ੍ਹ-ਕੜ੍ਹ ਲਾਲ ਹੋ ਜਾਂਦਾ ਤੇ ਮੈਂ ਤਪ-ਤਪ ਅੰਗਿਆਰ ਬਣਨ ਵਾਲੀ ਹੁੰਦੀ ਹਾਂ। ਐਨਾ ਦੁੱਖ ਸਹਿ ਕੇ ਫੇਰ ਵੀ ਮਾਲਕ ਦੀ ਰਜ਼ਾ 'ਚ ਰਹਿੰਦੀ ਹਾਂ। 'ਹਾਂ ਮੇਰੇ 'ਚ ਸਵੇਰੇ-ਸਵੇਰੇ ਦਹੀਂ ਪਾ ਕੇ ਰਿੜਕਿਆ ਜਾਂਦਾ ਹੈ। ਮਧਾਣੀ ਮੇਰੀਆਂ ਵੱਖੀਆਂ ਭੰਨ੍ਹ ਦਿੰਦੀ ਹੈ। ਪਰ ਮੈਂ ਸਬਰ ਰੱਖਦੀ ਹਾਂ ਤੇ ਮਾਲਕ ਦੀ ਖ਼ੁਸ਼ੀ 'ਚ ਆਪਣੀ ਖ਼ੁਸ਼ੀ ਮਹਿਸੂਸ ਕਰਦੀ ਹਾਂ ਕਿ ਮੈਂ ਕਿਸੇ ਕੰਮ ਤਾਂ ਆਈ'।
ਕਾੜ੍ਹਨੀ ਦੀ ਗੱਲ ਸੁਣ ਕੇ ਚਾਟੀ ਨੇ ਵੀ ਆਪਣੀ ਗੱਲ ਰੱਖੀ। ਪਰ ਛੋਟੇ ਕੁੱਜੇ ਨੂੰ ਉਨ੍ਹਾਂ ਦੀਆਂ ਗੱਲਾਂ ਫਾਲਤੂ ਤੇ ਬਕਵਾਸ ਲਗਦੀਆਂ। ਉਸਨੇ ਕਿਹਾ, 'ਫੇਰ ਮੇਰੇ ਵਾਲਾ ਕੰਮ ਤੁਸੀਂ ਸਾਂਭ ਲਉ ਤੇ ਮੈਂ ਤੁਹਾਡਾ ਕੰਮ ਕਰ ਦਿਆ ਕਰਾਂਗਾ'।
'ਨਹੀਂ ਇਹ ਨਹੀਂ ਹੋ ਸਕਦਾ। ਜੋ ਜਿਸ ਲਈ ਬਣਿਆ ਉਹ ਕੰਮ ਉਸੇ ਨਾਲ ਫਬਦਾ। ਸਿਆਣੇ ਕਹਿੰਦੇ ਨੇ 'ਜਿਸ ਕਾ ਕਾਮ ਉਸੀ ਕੋ ਸਾਜੇ ਔਰ ਕਰੇ ਤੋਂ ਡੀਂਗਾ ਵਾਜੇ'। ਮਾਲਕ ਨੇ ਜਿੱਥੇ ਤੈਨੂੰ ਰੱਖਿਆ ਬਹੁਤ ਸੋਹਣੀ ਜਗ੍ਹਾ 'ਤੇ ਰੱਖਿਆ। ਸਾਡੇ 'ਚ ਜੋ ਕੁਝ ਇਹ ਦੁੱਧ, ਦਹੀਂ, ਘਿਉ ਪਾਇਆ ਹੁੰਦਾ, ਉਸਨੂੰ ਵੇਚ-ਵੱਟ ਕੇ ਜੋ ਕਮਾਈ ਹੁੰਦੀ ਹੈ ਮਾਲਕ ਉਹ ਤੇਰੇ ਵਿਚ ਰੱਖਦਾ ਹੈ। ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ'।
ਵਡੇਰੀ ਉਮਰ ਦੇ ਤੌੜੇ ਨੇ ਸਮਝਾਉਣਾ ਕੀਤਾ। ਉਨ੍ਹਾਂ ਦੀਆਂ ਇਹ ਗੱਲਾਂ ਸੁਣ ਕੇ ਛੋਟੇ ਕੁੱਜੇ ਨੂੰ ਉਨ੍ਹਾਂ ਨਾਲ ਹੋਰ ਈਰਖਾ ਹੋ ਜਾਂਦੀ ਹੈ।
ਇਸ ਤਰ੍ਹਾਂ ਦਿਨ ਨਿਕਲਦੇ ਗਏ। ਇਕ ਦਿਨ ਤੌੜੇ ਨੇ ਕਾੜ੍ਹਨੀ ਤੇ ਚਾਟੀ ਨੂੰ ਕਿਹਾ, 'ਭੈਣੋ, ਇਹ ਵਿਚਾਰਾ ਆਪਣੇ ਤੋਂ ਛੋਟਾ, ਇਕ ਆਸ ਨਾਲ ਆਪਣੇ ਵੱਲ ਦੇਖਦਾ। ਕਿਉਂ ਨਾ ਇਹਦੀ ਮੱਦਦ ਕਰੀਏ। ਇਹਦੇ ਮਨ ਦੀ ਆਸ ਨੂੰ ਪੂਰਾ ਕਰੀਏ'।
ਇਹ ਸੁਣ ਕੇ ਵਡੇਰੀ ਉਮਰ ਦੇ ਤੌੜੇ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ, 'ਮਾਲਕ ਦੀ ਮਰਜ਼ੀ ਦੇ ਖਿਲਾਫ਼ ਜਾ ਕੇ ਕਿਸੇ ਨੂੰ ਕੁਝ ਹਾਸਲ ਨਹੀਂ ਹੋਇਆ। ਆਹ ਦੇਖ ਲੋ ਇਨਸਾਨ ਨੇ ਕਾਦਰ ਦੀ ਕੁਦਰਤ ਨਾਲ ਖਿਲਵਾੜ ਕਰਕੇ ਜੋ ਮਨ-ਮਰਜ਼ੀਆਂ ਕੀਤੀਆਂ ਤੇ ਕਰ ਰਹੇ ਹਨ ਉਸ ਦੀ ਸਜ਼ਾ ਵੀ ਉਹ ਭੁਗਤ ਰਹੇ ਹਨ। ਇਸ ਲਈ ਜਿੱਥੇ ਮਾਲਕ ਰੱਖੇ ਉੱਸੇ 'ਚ ਖ਼ੁਸ਼ ਹੋਣਾ ਚਾਹੀਦਾ ਤੇ ਨਾ ਹੀ ਸਾਨੂੰ ਮਨ-ਮਰਜ਼ੀ ਕਰਨੀ ਚਾਹੀਦੀ ਹੈ'।
'ਇਹ ਤਾਂ ਕੋਈ ਗੱਲ ਨਾ ਹੋਈ। ਰੱਬ ਤਾਂ ਸਗੋਂ ਆਪਣੇ ਤੋਂ ਛੋਟਿਆਂ ਦੀ ਮੱਦਦ ਕਰਨ ਦੀ ਪ੍ਰੇਰਨਾ ਦਿੰਦਾ ਹੈ। ਫੇਰ ਜੇ ਆਪਾਂ ਇਸ ਦੇ ਦਿਲ ਦੀ ਉਮੰਗ ਪੂਰੀ ਕਰ ਦਿਆਂਗੇ ਤਾਂ ਕੀ ਹਰਜ਼ ਆਂ?' ਤੌੜੇ ਨੇ ਫਿਰ ਕਿਹਾ। ਉਨ੍ਹਾਂ ਦੀ ਸਹਿਮਤੀ ਨਾ ਬਣੀ ਤੇ ਦਿਨ, ਮਹੀਨੇ, ਸਾਲ, ਸਦੀਆਂ ਲੰਘਦੀਆਂ ਗਈਆਂ। ਇਕ ਦਿਨ ਫਿਰ ਤੌੜੇ ਨੇ ਉਸ ਦੀ ਹਾਲਤ ਦੇਖ ਕੇ ਉਹੀ ਮੱਦਦ ਕਰਨ ਦੀ ਗੱਲ ਦੁਹਰਾਈ ਤਾਂ ਚਾਟੀ ਨੇ ਕਿਹਾ,
'ਤੂੰ ਕਰਨਾ ਕੀ ਚਹੁੰਨਾ ਏਂ?'
'ਬੱਸ ਮੱਦਦ ਕਰਨਾ ਚਾਹੁੰਨਾ'।
'ਕਿਸ ਤਰ੍ਹਾਂ ਦੀ ਮੱਦਦ?'
'ਜੋ ਕੁਝ ਆਪਣੇ 'ਚ ਹੈ ਉਹ ਉਸ ਵਿਚ ਪਾ ਦੇਈਏ। ਮਤਲਬ ਮੈਂ ਚਾਹੁੰਨਾ ਮੈਂ ਇਸ ਨੂੰ ਨੱਕੋ ਨੱਕ ਭਰ ਦਿਆਂ ਤਾਂ ਜੋ ਇਹ ਖ਼ੁਸ਼ ਹੋ ਜਾਵੇ। ਦੇਖਿਉ ਜਿਹੜਾ ਹੁਣ ਤੱਕ ਸਾਡੇ ਨਾਲ ਨਫ਼ਰਤ ਕਰਦਾ ਆ ਰਿਹਾ ਸੀ, ਉਹ ਆਪਣੇ ਪਰਉਪਕਾਰ ਦੇ ਗੁਣ ਕਿਵੇਂ ਗਾਉਂਦਾ'।
ਤੌੜੇ ਦੀ ਗੱਲ ਸੁਣ ਕੇ ਕਾੜ੍ਹਨੀ ਨੇ ਕਿਹਾ, 'ਪਰਉਪਕਾਰ ਦਾ ਮਤਲਬ ਤਾਂ ਇਹ ਹੁੰਦਾ ਕਿ ਆਪਣਾ ਨੁਕਸਾਨ ਕਰਵਾ ਕੇ ਕਿਸੇ ਦਾ ਭਲਾ ਕਰਨਾ'।
'ਹਾਂ ਮੈਂ ਵੀ ਇਹੀ ਕਹਿੰਨਾ, ਪਰਉਪਕਾਰ ਆਪਣੀ ਸੋਭਾ ਕਰਵਾਉਣ ਤੋਂ ਰਹਿਤ ਹੁੰਦਾ, ਤੇ ਪਰਉਪਕਾਰ ਕਰਦੇ-ਕਰਦੇ ਕਈ ਵਾਰ ਨਤੀਜੇ ਗ਼ਲਤ ਵੀ ਹੋ ਸਕਦੇ ਹਨ। ਪਰ ਫਿਰ ਵੀ ਜੇ ਤੇਰੇ ਮਨ 'ਚ ਦਇਆ ਆਈ ਹੈ ਤਾਂ ਅਸੀਂ ਆਪਣਾ ਕੋਈ ਵੀ ਨੁਕਸਾਨ ਕਰਵਾਉਣ ਲਈ ਤਿਆਰ ਹਾਂ। ਤੂੰ ਪਰਉਪਕਾਰ ਕਰ। ਪਰ ਇਕ ਗੱਲ ਯਾਦ ਰੱਖੀਂ 'ਛੋਟਾ ਭਾਂਡਾ ਛੇਤੀ ਉੱਛਲ ਜਾਂਦਾ'। ਇਸ ਲਈ ਕੁਝ ਵੀ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ। ਬਾਅਦ 'ਚ ਪਛਤਾਇਆਂ ਕੁਝ ਪੱਲੇ ਨਹੀਂ ਪੈਂਦਾ'।
ਵਡੇਰੀ ਉਮਰ ਦੇ ਤੌੜੇ ਨੇ ਨੇਕ ਸਲਾਹ ਦਿੰਦਿਆਂ ਸਹਿਮਤੀ ਪ੍ਰਗਟਾਈ। ਉਸ ਦੇ ਇਹ ਕਹਿਣ ਦੀ ਦੇਰ ਸੀ, ਸਾਰੇ, ਕਾੜ੍ਹਨੀ, ਚਾਟੀ ਵੀ ਤਿਆਰ ਹੋ ਗਈਆਂ। ਸਾਰਿਆਂ ਦੀ ਸਹਿਮਤੀ ਹੋਣ 'ਤੇ ਤੌੜੇ ਨੇ ਛੋਟੇ ਕੁੱਜੇ 'ਤੇ ਪਰਉਪਕਾਰ ਦਾ ਅਹਿਸਾਸ ਕਰਵਾਉਂਦਿਆਂ ਕਿਹਾ, 'ਲੈ ਬਈ ਛੋਟੇ ਵੀਰ ਅੱਜ ਤੇਰੇ ਮਨ ਦੀ ਮੁਰਾਦ ਪੂਰੀ ਕਰਨ ਲੱਗੇ ਹਾਂ। ਖੋਲ੍ਹ ਮੂੰਹ'। ਇਹ ਕਹਿ ਕੇ ਸਭ ਨੇ ਆਪਣੇ 'ਚੋਂ ਬਣਦਾ ਹਿੱਸਾ ਦੁੱਧ, ਦਹੀਂ, ਮੱਖਣ, ਘਿਉ, ਪਾਣੀ ਉਸ ਵਿਚ ਪਾਉਣਾ ਸ਼ੁਰੂ ਕਰ ਦਿੱਤਾ। ਛੋਟਾ ਕੁੱਜਾ ਛੇਤੀ ਹੀ ਭਰ ਕੇ ਡੁੱਲ੍ਹਣ ਲੱਗਾ। ਚਾਰੇ ਪਾਸੇ ਇਹ ਚੀਜ਼ਾਂ ਦੇ ਰਲੇਵੇਂ ਦਾ ਚਿੱਕੜ ਜਿਹਾ ਬਣ ਗਿਆ। ਵੱਡੇ ਭਾਂਡਿਆਂ ਨੂੰ ਆਪਣੇ 'ਚੋਂ ਕੁਝ ਹਿੱਸਾ ਉਸ ਵਿਚ ਪਾਉਣ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਾ ਪਿਆ, ਪਰ ਛੋਟਾ ਕੁੱਜਾ ਉਹ ਸਭ ਕੁਝ ਆਪਣੇ 'ਚ ਸਮਾ ਨਾ ਸਕਿਆ ਤੇ ਉੱਛਲ ਗਿਆ। ਜਦ ਮਾਲਕ ਨੇ ਆ ਕੇ ਦੇਖਿਆ ਤਾਂ ਉਹ ਹੈਰਾਨ-ਪ੍ਰੇਸ਼ਾਨ ਹੋਇਆ ਤੇ ਗੁੱਸੇ 'ਚ ਪੁੱਛਿਆ, 'ਇਹ ਸਭ ਕਿਸ ਨੇ ਕੀਤਾ?'
'ਜੀ ਇਹ ਸਭ ਇਨ੍ਹਾਂ ਨੇ ਰਲ ਕੇ ਕੀਤਾ ਹੈ'।
ਛੋਟਾ ਕੁੱਜਾ ਝੱਟ ਬੋਲ ਪਿਆ। ਉਸ ਦੀ ਗੱਲ ਸੁਣ ਕੇ ਵਡੇਰੀ ਉਮਰ ਦੇ ਤੌੜੇ ਨੇ ਆਪਣੇ ਨਾਲਦਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ, 'ਦੇਖ ਲਓ ਕੀਤੇ ਪਰਉਪਕਾਰ ਦੇ ਫ਼ਲ ਦਾ ਨਤੀਜਾ। ਮੈਂ ਕਿਹਾ ਸੀ ਨਾ, 'ਛੋਟਾ ਭਾਂਡਾ ਛੇਤੀ ਉੱਛਲ ਜਾਂਦਾ'। ਹੋ ਗਿਆ ਨਾ ਉਹੀ ਕੰਮ। ਇਹ ਤਾਂ ਦੋ ਤਰ੍ਹਾਂ ਨਾਲ ਉਛਲ ਗਿਆ'।
ਛੋਟੇ ਕੁੱਜੇ ਦੇ ਬੋਲ ਸੁਣਦਿਆਂ ਹੀ ਮਾਲਕ ਨੇ ਸਭ ਨੂੰ ਆਪਣੇ ਘਰ 'ਚੋਂ ਬਾਹਰ ਕੱਢ ਦਿੱਤਾ ਤੇ ਉਸਦੀ ਜਗ੍ਹਾ ਫਰਿੱਜ ਲਿਆ ਰੱਖੀ। ਜੋ ਪੈਸੇ ਸਨ ਉਹ ਬੈਂਕ 'ਚ ਜਮ੍ਹਾਂ ਕਰਵਾ ਦਿੱਤੇ। ਕਿੰਨੇ ਦਹਾਕੇ ਹੋ ਗਏ। ਇਕ ਵਾਰ ਘਰੋਂ ਨਿਕਲੇ ਉਹ ਮਿੱਟੀ ਦੇ ਭਾਂਡਿਆਂ ਨੇ ਲੱਖਾਂ ਵਾਰ ਰੋ-ਰੋ ਕੇ ਘੁਮਿਆਰ ਦੀਆਂ ਮਿੰਨਤਾਂ ਕੀਤੀਆਂ ਕਿ ਉਨ੍ਹਾਂ ਨੂੰ ਦੁਬਾਰਾ ਮਾਲਕ ਦੇ ਘਰ ਪੁੱਜਦਾ ਕਰ ਦੇਵੇ ਅਤੇ ਉਨ੍ਹਾਂ 'ਤੇ ਤਰਸ ਕਰਕੇ ਘੁਮਿਆਰ ਉਦੋਂ ਤੋਂ ਅੱਜ ਤੱਕ ਇਨ੍ਹਾਂ ਮਿੱਟੀ ਦੇ ਭਾਡਿਆਂ ਨੂੰ ਚੁੱਕ ਕੇ ਖੁਦ ਘਰ-ਘਰ ਜਾ ਕੇ ਇਨ੍ਹਾਂ ਨੂੰ ਉਨ੍ਹਾਂ ਦੇ ਮਾਲਕ ਦੇ ਘਰ ਪਹੁੰਚਾਉਣ ਦੀ ਕੋਸ਼ਿਸ਼ 'ਚ ਲੱਗਿਆ ਹੋਇਆ, ਖੁਦ ਵੀ ਆਪਣੇ ਕਿੱਤੇ ਦਾ ਦਿਨੋ-ਦਿਨ ਦਮ ਟੁੱਟਦਾ ਮਹਿਸੂਸ ਕਰ ਰਿਹਾ ਹੈ, ਪਰ ਮਾਲਕ ਨੇ ਮੁੜ ਇਨ੍ਹਾਂ ਨੂੰ ਆਪਣੇ ਘਰ ਅੰਦਰ ਉਹ ਥਾਂ ਨਹੀਂ ਦਿੱਤੀ ਜੋ ਪਹਿਲਾਂ ਦਿੱਤੀ ਹੋਈ ਸੀ। ਘੁਮਿਆਰ ਦੀ ਰੇਹੜੀ ਵਿਚ ਪਏ ਉਕਤ ਭਾਂਡੇ ਆਪਣੀ ਹੋਣੀ 'ਤੇ ਪਛਤਾ ਰਹੇ ਸਨ ਅਤੇ ਕੀਤੇ ਪਰਉਪਕਾਰ ਦਾ ਨੁਕਸਾਨ ਝੱਲ ਰਹੇ ਸਨ। ਹੁਣ ਉਹ ਛੋਟੇ ਭਾਂਡੇ ਨੂੰ ਦੇਖ ਦੇਖ ਝੂਰਦੇ ਤੇ ਤਾਅਨੇ ਮਾਰਦੇ 'ਛੋਟਾ ਭਾਂਡਾ ਛੇਤੀ ਉਛਲ ਜਾਂਦਾ' ਤੇ ਛੋਟਾ ਭਾਂਡਾ ਸਾਰਿਆਂ ਵਿਚ ਦੜ ਵੱਟ ਕੇ ਆਪਣੀ ਹੋਣੀ 'ਤੇ ਪਛਤਾਉਂਦਾ ਸੋਚ ਰਿਹਾ ਸੀ, ਭਲੇ ਦਿਨ ਕਦੋਂ ਆਉਣਗੇ।
-ਮੋਬਾਈਲ : 98721-93320

Ad Position 22
No active advertisement
ਪਿਛਲੀ ਖ਼ਬਰ ਉਹ ਨਹੀਂ ਕਹਿੰਦਾ, ਦਿਲ ਕਰਦਾ ਏ! ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *
Ad Position 24
No active advertisement