ਇਕ ਦਿਨ ਮੇਰੀ ਸੁਪਤਨੀ ਜੀ ਨੇ ਮੇਰੇ ਅੱਗੇ ਕਸ਼ਮੀਰੀ ਪੁਲਾਵ ਖਿਲਾਉਣ ਦੀ ਮੰਗ ਪੇਸ਼ ਕੀਤੀ। ਮੇਰੇ ਮੂੰਹੋਂ ਸਹਿਜ ਸੁਭਾਅ ਹੀ ਨਿਕਲ ਗਿਆ ਕਿ 'ਇਕ ਤਾਂ ਪੁਲਾਵ ਉੱਤੋਂ ਦੀ ਕਸ਼ਮੀਰੀ! ਇਸ ਨੇ ਤਾਂ ਸਾਡੇ ਬਜਟ ਦਾ ਹਾਲ ਵੀ ਕਸ਼ਮੀਰ ਦੇ ਹਾਲ ਵਰਗਾ ਕਰ ਦੇਣਾ ਹੈ।' ਜਿਉਂ ਹੀ ਸੁਪਤਨੀ ਜੀ ਨੇ ਭੈੜਾ ਜਿਹਾ ਮੂੰਹ ਬਣਾ ਕੇ ਰਸੋਈ ਵੱਲ ਚਾਲੇ ਪਾਏ, ਮੈਨੂੰ ਆਪਣੇ ਪਿਤਾ ਜੀ ਦੀ ਗੱਲ ਚੇਤੇ ਆ ਗਈ ਕਿ 'ਦੋਸਤਾਂ ਨਾਲ ਗੱਲ ਕਰਨ ਅਤੇ ਪਤਨੀ ਨਾਲ ਗੱਲ ਕਰਨ ਵਿਚ ਫਰਕ ਹੁੰਦੈ।'
ਖ਼ੈਰ ਇਸ ਗੱਲ ਨੂੰ ਹੋਇਆਂ ਦੋ ਦਿਨ ਹੀ ਹੋਏ ਸਨ ਕਿ ਇਕ ਵਿਆਹ ਦਾ ਕਾਰਡ ਸਾਡੇ ਘਰ ਆ ਗਿਆ। ਸੁਪਤਨੀ ਜੀ ਨੂੰ ਵਿਆਹ ਦਾ ਕਾਰਡ ਦੇਖ ਕੇ ਚਾਅ ਚੜ੍ਹ ਗਿਆ ਕਿ ਵਿਆਹ ਵਿਚ ਤਾਂ ਕਸ਼ਮੀਰੀ ਪੁਲਾਵ ਜ਼ਰੂਰ ਮਿਲੇਗਾ।
ਵਿਆਹ ਵਾਲੇ ਦਿਨ ਵੀ ਆਪਣੇ ਘਰ ਤੋਂ ਵਿਆਹ ਵਾਲੇ ਘਰ ਤੱਕ ਸਾਰੇ ਰਾਹ ਮੂੰਹ ਸੰਵਾਰਦੀ ਗਈ ਕਿ ਕਸ਼ਮੀਰੀ ਪੁਲਾਵ ਇੱਦਾਂ ਖਾਵਾਂਗੇ ਓਦਾਂ ਖਾਵਾਂਗੇ। ਉਥੇ ਜਾ ਕੇ ਪਤਾ ਚੱਲਿਆ ਕਿ ਕਸ਼ਮੀਰੀ ਪੁਲਾਵ ਤਾਂ ਉਨ੍ਹਾਂ ਨੇ ਬਣਾਇਆ ਹੀ ਨਹੀਂ। ਸੁਪਤਨੀ ਜੀ ਫਿਰ ਉਦਾਸ ਹੋ ਗਈ। ਉਸ ਨੇ ਵਿਆਹ ਵਿਚ ਰੋਟੀ ਵੀ ਠੀਕ ਤਰ੍ਹਾਂ ਨਾ ਖਾਧੀ।
ਪਰ ਫਿਰ ਇਕ ਘਟਨਾ ਨੇ ਉਸ ਦਾ ਧਿਆਨ ਤੋੜਿਆ। ਗੱਲ ਇਹ ਹੋਈ ਕਿ ਮੁੰਡੇ ਦਾ ਫੁੱਫੜ ਮਿਲਣੀ ਦੀ ਰਸਮ ਨੂੰ ਲੈ ਕੇ ਨਾਰਾਜ਼ ਉਹਦੇ ਪਿੱਛੇ-ਪਿੱਛੇ ਘੁੰਮੇ। ਕਦੇ ਭੂਆ, ਕਦੇ ਮਾਮਾ, ਕਦੇ ਮਾਮੀ, ਕਦੇ ਦਾਦਾ, ਕਦੇ ਦਾਦੀ, ਕਦੇ ਲਾੜਾ ਆਪ। ਹੁਣ ਮੇਰੀ ਸੁਪਤਨੀ ਜੀ ਇਨ੍ਹਾਂ ਵੱਖ-ਵੱਖ ਜੀਆਂ ਨਾਲ ਬਣੇ ਕਸ਼ਮੀਰੀ ਪੁਲਾਵ ਦਾ ਆਨੰਦ ਲੈ ਰਹੀ ਸੀ।
-ਮੋਬਾਈਲ : 85568-52634
ਕਸ਼ਮੀਰੀ ਪੁਲਾਵ
ਅਜੀਤ ਡੈਸਕ
19-07-2026