02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਕਿਰਪਾਲ ਸਿੰਘ 'ਬੇਦਾਰ' (20 ਦਸੰਬਰ, 1916 ਤੋਂ 18 ਅਗਸਤ, 1977)

ਕਿਰਪਾਲ ਸਿੰਘ 'ਬੇਦਾਰ' (20 ਦਸੰਬਰ, 1916 ਤੋਂ 18 ਅਗਸਤ, 1977)

Ad Position 21
No active advertisement
ਅਜੀਤ ਡੈਸਕ 02-08-2026
ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਭੋਂ ਨਨਕਾਣਾ ਸਾਹਿਬ ਨੇੜੇ ਵਸੇ ਪਿੰਡ ਖਿੰਗਰਾਂਵਾਲਾ (ਸ਼ੇਖੂਪੁਰਾ) ਵਿਚ, 1916 ਈ. ਨੂੰ ਸਰਦਾਰ ਖ਼ੁਸ਼ਹਾਲ ਸਿੰਘ ਗਿੱਲ ਦੇ ਘਰ ਕਿਰਪਾਲ ਸਿੰਘ ਨੇ ਜਨਮ ਲਿਆ। ਉਨ੍ਹਾਂ ਕੋਲ ਜ਼ਮੀਨ ਜਾਇਦਾਦ ਤਾਂ ਬਹੁਤ ਸੀ ਪਰ ਕਈ ਪੀੜ੍ਹੀਆਂ ਵਿਚ ਕਿਸੇ ਨੇ ਵਿੱਦਿਆ ਦਾ ਅੱਖਰ ਨਹੀਂ ਸੀ ਪੜ੍ਹਿਆ। ਉਸ ਦੇ ਪਿਤਾ ਨੇ ਕਿਰਪਾਲ ਸਿੰਘ ਨੂੰ ਪੜ੍ਹਨੇ ਪਾ ਦਿੱਤਾ:-
ਮੌਜ਼ਾ ਹੈ ਯੇਹ ਜੋ ਖ਼ਿੰਗਰਾਂਵਾਲੇ ਕਾ ਨਾਮ
ਵਿਰਸਾ ਹੈ ਮੇਰੇ ਵਾਲਿਦੇ-ਆਲੀ ਕਾ ਮੁਕਾਮ
ਜਬ ਉਮਰ ਹੋ ਚੁਕੀ ਥੀ ਕੋਈ ਚਾਰ ਸਾਲ
ਉਸ ਵਕਤ ਮਦਰੱਸੇ ਮੇਂ ਬਿਠਾਇਆ ਗਿਆ ਮੁਝੇ
ਅੱਠਵੀਂ ਜਮਾਤ ਪਿੱਛੋਂ ਉਹ ਲਾਹੌਰ ਵਿਚ ਮੈਟ੍ਰੀਕੁਲੇਸ਼ਨ ਪਾਸ ਕਰਨ ਲਈ ਗਿਆ ਤੇ ਵਜ਼ੀਫ਼ਾ ਪ੍ਰਾਪਤ ਕਰਕੇ ਉਸ ਨੇ ਦਿਆਲ ਸਿੰਘ ਕਾਲਜ, ਲਾਹੌਰ ਵਿਚ ਦਾਖ਼ਲਾ ਲੈ ਲਿਆ। ਉਸ ਕਾਲਜ ਵਿਚ ਪ੍ਰਸਿੱਧ ਵਿਦਵਾਨ ਤੇ ਸ਼ਾਇਰ 'ਤਾਜਵਰ' ਨਜੀਬਾਬਾਦੀ ਪ੍ਰੋਫ਼ੈਸਰ ਸਨ, ਜਿਨ੍ਹਾਂ ਨੇ ਨਾ ਕੇਵਲ ਉਹਨੂੰ ਉਰਦੂ ਤੇ ਫ਼ਾਰਸੀ ਦੀ ਤਾਲੀਮ ਦਿੱਤੀ ਸਗੋਂ ਸ਼ਾਇਰ ਬਣਨ ਲਈ ਵੀ ਪਰੇਰਿਆ।
ਕਿਰਪਾਲ ਸਿੰਘ ਨੇ ਸੱਤਵੀਂ ਜਮਾਤ ਵਿਚ ਹੀ ਤੁਕਬੰਦੀ ਸ਼ੁਰੂ ਕਰ ਦਿੱਤੀ ਸੀ। ਮੈਟ੍ਰਿਕ ਤੱਕ ਗ਼ਜ਼ਲਾਂ ਲਿਖਣ ਲੱਗਾ। ਸ਼ਾਇਰੀ ਦੇ ਉਸਤਾਦ ਮੇਲਾ ਰਾਮ 'ਵਫ਼ਾ' ਤੇ ਮਸ਼ਹੂਰ ਸ਼ਾਇਰ 'ਜੋਸ਼' ਮਲਸਿਆਨੀ ਤੋਂ 'ਆਰੂਜ਼' ਦਾ ਇਲਮ ਹਾਸਿਲ ਕੀਤਾ।
ਲਾਹੌਰ ਵਿਚ ਕਾਲਜਾਂ ਦੇ ਵਿਦਿਆਰਥੀਆਂ ਦਾ ਇਕ ਮੁਸ਼ਾਇਰਾ ਹੋਇਆ ਜਿਸ ਦੀ ਸਦਾਰਤ ਸਰ ਅਬਦੁਲ ਕਾਦਿਰ ਕਰ ਰਹੇ ਸਨ; ਤੇ 'ਤਾਜਵਰ' ਅਤੇ ਡਾ. ਮੁਹੰਮਦ ਦੀਨ 'ਤਾਸੀਰ' ਮੁਸ਼ਾਇਰੇ ਦੇ ਜੱਜ ਸਨ। ਕਿਰਪਾਲ ਸਿੰਘ 'ਬੇਦਾਰ' ਨੇ ਆਪਣੀ ਗ਼ਜ਼ਲ ਸੁਣਾਈ ਜਿਸ ਦਾ ਸ਼ੇਅਰ ਸੀ:-
ਖ਼ਿਆਲੇ-ਮਰਗ ਸੇ ਕਿਆ-ਕਿਆ ਨ ਜਾਨ ਪਰ ਬਨ ਆਈ
ਹਜ਼ਾਰ ਸ਼ੁਕਰ ਹਮੇਂ ਜ਼ੀਸਤ ਕਾ ਮਜ਼ਾ ਨ ਮਿਲਾ
'ਨਜੀਬ ਤੇ 'ਤਾਸੀਰ' ਨੇ ਫ਼ੈਸਲਾ ਕੀਤਾ ਕਿ ਅਜਿਹੇ ਖ਼ਿਆਲ ਨੂੰ ਜਿਵੇਂ 'ਗ਼ਾਲਿਬ', ਨੇ ਨਿਭਾਇਆ ਸੀ ਉਵੇਂ ਹੀ ਇਸ ਵਿਦਿਆਰਥੀ ਨੇ ਕਿਹਾ ਹੈ। 'ਬੇਦਾਰ' ਨੂੰ ਵਿਸ਼ੇਸ਼ ਇਨਾਮ ਦਿੱਤਾ ਜਾਵੇ ਤਾਂ ਕਿ ਹੋਰਨਾਂ ਨੂੰ 'ਪਹਿਲਾ', 'ਦੂਜਾ' ਤੇ 'ਤੀਜਾ' ਇਨਾਮ ਮਿਲ ਸਕਣ।
ਆਪਣੇ ਵਿਦਿਆਰਥੀ ਕਾਲ ਵਿਚ ਹੀ 'ਬੇਦਾਰ' ਨੂੰ ਅੱਲਾਮਾ 'ਇਕਬਾਲ' ਨੂੰ ਮਿਲਣ ਦਾ ਮੌਕਾ ਮਿਲਿਆ। ਉਸ ਨੇ 'ਇਕਬਾਲ' ਨੂੰ ਆਪਣੀਆ ਕੁਝ ਗ਼ਜ਼ਲਾਂ ਸੁਣਾਈਆਂ, ਜਿਨ੍ਹਾਂ ਨੂੰ ਸੁਣ ਕੇ 'ਇਕਬਾਲ' ਪ੍ਰਸੰਨ ਹੋਇਆ ਤੇ ਸਲਾਹ ਦਿੱਤੀ ਕਿ ਉਰਦੂ ਦਾ ਵਿਹੜਾ 'ਗ਼ਜ਼ਲਗੋ' ਸ਼ਾਇਰਾਂ ਨਾਲ ਭਰਿਆ ਪਿਆ ਹੈ ਤੇ ਕਿਹਾ ਕਿ 'ਨਜ਼ਮ' ਲਿਖਣਾ ਇਕ ਚੰਗੇ ਸ਼ਾਇਰ ਦਾ ਕਸਬ ਹੈ। 'ਤੂੰ ਕੁਝ ਸਾਲ ਹੋਰ ਆਪਣੀ ਸ਼ਾਇਰੀ ਵਿਚ ਪਕਿਆਈ ਤੇ ਨਿਖਾਰ ਲਿਆ। ਮੈਂ ਆਮ ਸ਼ਾਇਰਾਂ ਦੇ ਹੁਸਨੇ-ਸੁਖ਼ਨ ਬਾਰੇ ਨਹੀਂ ਲਿਖਦਾ, ਪ੍ਰੰਤੂ ਤੇਰੇ ਬਾਰੇ ਜ਼ਰੂਰ ਲਿਖਾਂਗਾ'।
ਇਕ ਵਾਰ ਲਾਇਲਪੁਰ ਵਿਚ ਮੁਸ਼ਾਇਰਾ ਹੋਇਆ ਜਿਸ ਵਿਚ 'ਬੇਦਾਰ' ਦੀ ਸ਼ਾਇਰੀ ਸੁਣ ਕੇ ਪ੍ਰਸਿੱਧ ਸ਼ਾਇਰ 'ਜਿਗਰ' ਮੁਰਾਦਾਬਾਦੀ ਨੇ ਕਿਹਾ ਕਿ, 'ਅਸੀਂ ਯੂ.ਪੀ. ਵਾਲੇ ਸਮਝਦੇ ਸਾਂ ਕਿ ਸਰ 'ਇਕਬਾਲ' ਦੀ ਕੁਰਸੀ ਜਦੋਂ ਖ਼ਾਲੀ ਹੋਈ ਤਾਂ ਉਸ 'ਤੇ ਯੂ.ਪੀ. ਦਾ ਕੋਈ ਸ਼ਾਇਰ ਬੈਠੇਗਾ'। ਪਰ 'ਬੇਦਾਰ' ਨੂੰ ਸੁਣ ਕੇ ਮੈਂ ਸੋਚਦਾ ਹਾਂ ਕਿ 'ਬੇਦਾਰ' ਵਿਚ ਉਹੋ ਜੇਹੀ ਗੁਣਵੱਤਾ ਹੈ ਜਿਹੜੀ ਕਿ ਉਰਦੂ ਸ਼ਾਇਰੀ ਦੇ ਸਹਿਨਸ਼ਾਹ ਦੇ 'ਵਲੀ ਅਹਿਦ' ਵਿਚ ਹੋਵੇ, ਤੇ ਉਹ ਹੁਣ ਮਿਲ ਚੁੱਕਾ ਹੈ।'
ਕਾਲਜ ਦੀ ਪੜ੍ਹਾਈ ਪ੍ਰਤੀ ਕਿਰਪਾਲ ਸਿੰਘ ਬਹੁਤ ਗੰਭੀਰ ਸੀ। ਕਾਲਜ-ਪੜ੍ਹਾਈ ਦੇ ਸਮੇਂ ਤੋਂ ਬਾਅਦ, ਉਸ ਨੇ ਲਾਰੈਂਸ ਗਾਰਡਨ, ਲਾਹੌਰ-ਹੁਣ 'ਜਿੱਨਾਹ ਬਾਗ਼'-ਵਿਚ ਹੀ ਆਸ਼ੀਆਨਾ ਬਣਾ ਲਿਆ। ਜਦੋਂ ਅੱਖ ਕਿਤਾਬ ਦੇ ਅੱਖਰਾਂ ਤੋਂ ਉਕਤਾ ਜਾਂਦੀ ਤਾਂ ਹਰਿਆਵਲ ਨਾਲ ਅੱਖਾਂ ਤਾਜ਼ੀਆਂ ਕਰ ਲੈਂਦਾ। ਉਸ ਬਾਗ਼ ਵਿਚ ਲਾਹੌਰ ਦੀਆਂ ਸੁੰਦਰੀਆਂ ਵੀ ਸੈਰ ਕਰਨ ਆਉਂਦੀਆਂ ਸਨ। ਜਿਨ੍ਹਾਂ ਦੀ ਅੱਖ ਕਿਸੇ ਦੇ ਦਿਲ ਵਿਚ ਸਮਾਉਣਾ ਚਾਹੁੰਦੀ ਸੀ।
ਸ਼ਬਾਬ ਕੀ ਸ਼ੋਖ਼ੀਓਂ ਸੇ
ਕੁਛ ਇਸ ਤਰ੍ਹਾ ਦੁਪੱਟਾ ਮਚਲ ਰਹਾ ਹੈ
ਫਿਸਲ ਫਿਸਲ ਕਰ ਸੰਭਲ ਰਹਾ ਹੈ,
ਸੰਭਲ ਸੰਭਲ ਕਰ ਫਿਸਲ ਰਹਾ ਹੈ।
ਫਿਰ ਉਹ ਸਿੱਖ ਨੈਸ਼ਨਲ ਕਾਲਜ, ਲਾਹੌਰ ਵਿਚ ਲੈਕਚਰਾਰ ਲੱਗ ਗਿਆ ਤੇ ਲਾਹੌਰ ਦੀਆਂ ਅਦਬੀ ਮਹਿਫ਼ਲਾਂ ਤੇ ਮੁਸ਼ਾਇਰਿਆਂ ਵਿਚ ਲਗਾਤਾਰ ਸ਼ਾਮਿਲ ਹੋਣ ਲੱਗਾ। ਬਤੌਰ ਸ਼ਾਇਰ ਉਸ ਦਾ ਉੱਚਾ ਮੁਕਾਮ ਬਣ ਰਿਹਾ ਸੀ ਤੇ ਰੁਤਬਾ ਉਭਰ ਰਿਹਾ ਸੀ। ਫਿਰ 1947 ਈ. ਵਿਚ ਭਾਰਤ ਦੀ ਅਜ਼ਾਦੀ ਤੇ ਪੰਜਾਬ ਦਾ ਉਜਾੜਾ ਹੋ ਗਿਆ। ਕਿਰਪਾਲ ਸਿੰਘ 'ਬੇਦਾਰ', ਲਾਹੌਰ ਤੋਂ ਖ਼ਾਲੀ ਹੱਥ ਆਪਣੇ ਟੱਬਰ-ਟੀਹਰ ਨਾਲ ਪਟਿਆਲੇ ਆ ਗਿਆ।
ਸਭ ਕੁਛ ਗਵਾ ਕੇ ਆਏ 'ਬੇਦਾਰ' ਨੂੰ ਨਾਦਾਰੀ ਤੇ ਬੇਕਾਰੀ ਦੇ ਨਾਲ ਨਾਲ ਬੀਮਾਰੀ ਵੀ ਚਿੰਬੜ ਗਈ। ਉਹ ਜਵਾਂ-ਮਰਦ ਸ਼ਾਇਰ ਐਨਾ ਬੇਬਸ, ਬੇਕਸ ਤੇ ਲਾਚਾਰ ਦਿਸਦਾ ਸੀ ਕਿ ਪਟਿਆਲੇ ਰੇਲਵੇ ਪਲੇਟਫਾਰਮ 'ਤੇ ਇਕ ਅਖ਼ਬਾਰ-ਵਿਕਰੇਤਾ ਤੋਂ ਜਦੋਂ 'ਅੰਗਰੇਜ਼ੀ ਟ੍ਰਿਬਿਊਨ' ਮੰਗਿਆ ਤਾਂ ਉਸ ਨੇ 'ਅਜੀਤ' ਉਸ ਦੇ ਹੱਥਾਂ ਵਿਚ ਫੜਾ ਦਿੱਤਾ।
ਇਨ੍ਹਾਂ ਦਿਨਾਂ ਵਿਚ ਇਕ ਅਜੀਬੋ-ਗ਼ਰੀਬ ਘਟਨਾ ਵਾਪਰੀ। ਪਟਿਆਲੇ ਵਿਚ ਰਾਵਲਪਿੰਡੀ ਤੇ ਹੋਰ ਪੱਛਮੀ ਪੰਜਾਬ ਦੇ ਜ਼ਿਲ੍ਹਿਆਂ ਤੋਂ ਉੱਜੜ ਕੇ ਆਏ ਸ਼ਰਨਾਰਥੀ ਸਨ, ਜਿਨ੍ਹਾਂ ਨੇ ਆਪਣੇ ਮਾਪਿਆਂ, ਭੈਣਾਂ-ਭਰਾਵਾਂ ਨੂੰ ਜਖ਼ਮੀ ਹੁੰਦੇ, ਲੁੱਛਦੇ, ਸਹਿਕਦੇ ਤੇ ਮਰਦੇ ਦੇਖਿਆ ਸੀ। ਜ਼ਾਹਿਰ ਹੈ ਕਿ ਉਹ ਮੁਸਲਮਾਨਾਂ ਵਿਰੁੱਧ ਰੋਸ, ਗੁੱਸੇ ਤੇ ਨਫ਼ਰਤ ਨਾਲ ਭਰੇ ਸਨ। 'ਬੇਦਾਰ' ਨੇ ਇਕ ਅਬਲਾ ਮੁਸਲਿਮ ਕੁੜੀ ਨੂੰ ਸ਼ਰਨ ਦਿੱਤੀ। ਉੱਜੜ-ਪੁੱਜੜ ਕੇ ਆਏ ਸਾਰੇ ਲੋਕ ਉਸ ਦੇ ਪਿੱਛੇ ਪੈ ਗਏ। ਉਹ ਬੜੀ ਮੁਸ਼ਕਿਲ ਨਾਲ ਬਚਿਆ।
ਉਸ ਦੀ ਖ਼ੁਸ਼ਕਿਸਮਤੀ ਸੀ ਕਿ ਸਰਦਾਰ ਗਿਆਨ ਸਿੰਘ ਰਾੜੇਵਾਲਾ 'ਪੈਪਸੂ' ਦੇ ਚੀਫ਼ ਮਨੀਸਟਰ ਸਨ। ਉਨ੍ਹਾਂ ਨੇ 'ਬੇਦਾਰ' ਨੂੰ ਡਿਪਟੀ ਕਸਟੋਡੀਅਨ' ਦੇ ਆਹੁਦੇ 'ਤੇ ਲਗਾ ਦਿੱਤਾ। ਫ਼ਿਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਥਾਪਤੀ ਹੋਈ ਜਿਸ ਵਿਚ 'ਬੇਦਾਰ' ਨੂੰ 'ਉਰਦੂ' ਤੇ 'ਫ਼ਾਰਸੀ' ਵਿਭਾਗ ਦਾ ਮੁਖੀ ਥਾਪਿਆ ਗਿਆ; ਤੇ ਉਹ ਸੱਤ ਅੱਠ ਸਾਲ ਇਸ ਅਹੁਦੇ 'ਤੇ ਬਿਰਾਜਮਾਨ ਹੋ ਕੇ ਸ਼ਾਇਰੀ ਦੇ ਨਾਲ-ਨਾਲ ਵਿੱਦਿਆ ਦੀ ਕੀਮਤੀ ਦੇਣ ਦਿੰਦਾ ਰਿਹਾ। ਪੰਜਾਬ ਸਰਕਾਰ ਨੇ ਕਿਰਪਾਲ ਸਿੰਘ 'ਬੇਦਾਰ' ਨੂੰ 'ਸ਼ਾਇਰੇ-ਆਜ਼ਮ' ਦਾ ਖ਼ਿਤਾਬ ਦਿੱਤਾ।
ਉਸ ਦੀ ਇਕ ਆਪ ਬੀਤੀ -1949 ਈ. ਕਵਿਤਾ 'ਚੋਂ ਕੁਝ ਅੰਸ਼ ਪੇਸ਼ ਕਰਦੇ ਹਾਂ ਜਿਸ ਰਾਹੀਂ ਉਸ ਦੇ ਉੱਚੇ ਚਰਿੱਤਰ ਤੇ ਮਾਨਵੀ ਪੱਧਰ ਨੂੰ ਵੇਖ ਸਕਦੇ ਹਾਂ:
ਮੁਝ ਪੇ ਲਾਹੌਰ ਮੇਂ ਆਈ ਨਾ ਮੁਸੀਬਤ ਕਿਆ ਕਿਆ
ਅਹਿਲੇ-ਬੇਦਾਦ ਨੇ ਢਾਈ ਨਾ ਕਿਆਮਤ ਕਿਆ ਕਿਆ
 
ਸ਼ਹਿਰ ਜਬ ਛੋੜਾ ਤੋ ਮੇਰੀ ਜੇਬ ਮੇਂ ਪੈਸਾ ਭੀ ਨਾ ਥਾ
ਸਿਰ ਪਰ ਪੱਗੜੀ ਭੀ ਨਾ ਥੀ ਪਾਂਓ ਮੇਂ ਜੂਤਾ ਭੀ ਨਾ ਥਾ।...
 
ਕੁਛ ਦਿਨੋਂ ਖ਼੍ਵਾਰੋ-ਪਰੇਸ਼ਾਂ ਰਹਾ ਅੰਬਾਲੇ ਮੇਂ
ਅਬ ਕਈ ਰੋਜ਼ ਸੇ ਆਵਾਰਾ ਹੂੰ ਪਟਿਆਲੇ ਮੇਂ।...
 
ਫਿਰ ਮੁਸਲਮਾਂ ਸੇ ਮੁਝੇ ਬੈਰ ਰਹੇ, ਕਿਆ ਮਾਅਨੀ?
ਮੇਰੀ ਨਜ਼ਰੋਂ ਮੇਂ ਕੋਈ ਗ਼ੈਰ ਰਹੇ, ਕਿਆ ਮਾਅਨੀ?
 
ਮੈਨੇ ਸਿੱਖ ਕੌਮ ਕੀ ਤਾਰੀਖ਼ ਪੜ੍ਹੀ ਹੈ ਜਿਤਨੀ
ਔਰ ਹਾਲਾਤ ਕੀ ਤਹਿਕੀਕ ਭੀ ਕੀ ਹੈ ਜਿਤਨੀ।...
ਉਪਰਲੇ ਸ਼ੇਅਰਾਂ ਤੋਂ ਪਤਾ ਲੱਗਾ ਹੈ ਕਿ 'ਬੇਦਾਰ' ਇਕ ਦਰਦਮੰਦ, ਨੇਕ-ਦਿਲ ਸ਼ਾਇਰ ਸੀ। ਨਾਲੋ-ਨਾਲ ਜੇ ਇਹ ਕਹੀਏ ਕਿ ਉਸ ਦੇ ਤਰਜ਼ੇ-ਬਿਆਨ ਵਿਚ ਪਹਾੜਾਂ ਤੋਂ ਡਿੱਗਦੇ ਝਰਨੇ ਦੀ ਸੰਗੀਤ ਵਰਗੀ ਲੈਅ ਤੇ ਰਵਾਨੀ ਸੀ। ਉਸ ਨੇ ਨਿਤਾ-ਪ੍ਰਤੀ ਵਰਤੋਂ ਵਾਲੀ ਸਾਦਾ ਤੇ ਸੁੰਦਰ ਸ਼ਬਦਾਵਲੀ ਵਰਤੀ। ਤਾਹੀਓਂ ਹੀ ਵੱਡੇ-ਵੱਡੇ ਵਿਦਵਾਨਾਂ, ਹਿੰਦੂ ਤੇ ਮੁਸਲਮਾਨਾਂ ਨੇ ਉਸ ਦੀ ਸ਼ਾਇਰੀ ਵਿਚ ਡਾ. ਇਕਬਾਲ ਦੀ ਨੁਹਾਰ ਦੇਖੀ।
'ਅਜੀਤ' ਦੇ ਕਾਬਿਲ ਪਾਠਕਾਂ ਲਈ ਉਸ ਦੇ ਕੁਝ ਸ਼ੇਅਰ ਪੇਸ਼ ਕਰਦੇ ਹਾਂ:-
ਜੋ ਬੇਖ਼ੁਦ ਤੁਮਹਾਰੇ ਬਨਾਏ ਹੂਏ ਹੈਂ
ਵੋਹ ਸਾਰੇ ਜ਼ਮਾਨੇ ਪੇ ਛਾਏ ਹੂਏ ਹੈਂ
 
ਖਿਚੇ ਸੇ ਜੋ ਰਹਿਤੇ 'ਬੇਦਾਰ' ਅਕਸਰ
ਕਿਸੀ ਫ਼ਿਤਨਾਗਰ ਕੇ ਸਿਤਾਏ ਹੂਏ ਹੈਂ
 
ਤਰਕ ਕਰਨੇ ਸੇ ਗ਼ਮੇਂ-ਇਸ਼ਕ ਸਿਵਾ ਹੋਤਾ ਹੈ
ਯੇਹ ਵੋ ਜ਼ਖ਼ਮ ਹੈ ਜੋ ਮਰਹਮ ਸੇ ਹਰਾ ਹੋਤਾ ਹੈ
 
ਕਿਉਂ ਮੇਰੇ ਹਾਲ ਕਾ ਪੁਰਸਾਂ ਨਹੀਂ ਕੋਈ 'ਬੇਦਾਰ'
ਲੋਗ ਕਹਿਤੇ ਹੈ ਕਿ ਬੇਕਸ ਕਾ ਖ਼ੁਦਾ ਹੋਤਾ ਹੈ।
-0-
Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ ਅਗਲੀ ਖ਼ਬਰ ਮਨ, ਧਿਆਨ ਤੇ ਨੀਂਦ
Ad Position 24
No active advertisement