ਗਿੱਦੜਬਾਹਾ, 11 ਮਾਰਚ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਵਿਖੇ ਅੱਜ ਤੜਕਸਾਰ ਸੰਘਣੀ ਆਬਾਦੀ 'ਚ ਪੰਜਾਬਣ ਬੁਟੀਕ ਦੇ ਸ਼ੋਅ ਰੂਮ 'ਚ ਅੱਗ ਕਾਰਨ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਹੈ | ਮੌਕੇ 'ਤੇ ਪਹੁੰਚੀ ਫਾਇਰ ਬਿ੍ਗੇਡ ਨੇ ਬੜੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ ਤੇ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ ਹੈ | ਬੁਟੀਕ ਦੀ ਮਾਲਕਣ ਪਰਮਿੰਦਰ ਕੌਰ ਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 5 ਕੁ ਵਜੇ ਫ਼ੋਨ ਆਇਆ ਕਿ ਬੁਟੀਕ 'ਤੇ ਅੱਗ ਲੱਗ ਗਈ ਹੈ | ਇਸ ਦੌਰਾਨ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਬੁਟੀਕ ਦਾ ਸ਼ਟਰ ਖੋਲਿ੍ਹਆ, ਤਾਂ ਅੱਗ ਹੋਰ ਵੀ ਜ਼ਿਆਦਾ ਭੜਕ ਗਈ | ਉਨ੍ਹਾਂ ਦੱਸਿਆ ਕਿ ਸ਼ੋਅ ਰੂਮ ਦੀ ਉਪਰਲੀ ਮੰਜ਼ਿਲ 'ਤੇ ਕਾਰੀਗਰ ਰਹਿੰਦੇ ਹਨ | ਜਦੋਂ ਉਨ੍ਹਾਂ ਨੇ ਅੱਗ ਦਾ ਧੂੰਆਂ ਨਿਕਲਦਾ ਦੇਖਿਆ ਤਾਂ ਘਰ ਫ਼ੋਨ ਕਰਕੇ ਦੱਸਿਆ | ਪੀੜਤ ਦਾ ਕਹਿਣਾ ਸੀ ਕਿ ਦੁਕਾਨ ਵਿਚ ਮਹਿੰਗੇ ਭਾਅ ਦੇ ਸੂਟ, ਮਸ਼ੀਨਾਂ ਤੇ ਹੋਰ ਕੱਪੜੇ ਸਿਲਾਈ ਕਰਨ ਦਾ ਸਾਮਾਨ ਪਿਆ ਸੀ, ਜੋ ਕਿ ਸਾਰਾ ਹੀ ਸੜ ਕੇ ਸੁਆਹ ਹੋ ਗਿਆ ਹੈ | ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਇਹ ਹਾਦਸਾ ਰਾਤ ਸਮੇਂ ਹੋਇਆ ਹੈ | ਬੁਟੀਕ 'ਤੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ |