ਰੁਪਾਣਾ, 11 ਮਾਰਚ (ਜਗਜੀਤ ਸਿੰਘ)-ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਤੇ ਉਨ੍ਹਾਂ ਦੀਆਂ ਮੰਗਾਂ 'ਤੇ ਖੇਤਾਂ 'ਚ ਖ਼ਾਲੇ ਪੱਕੇ, ਨਹਿਰਾਂ ਦੀ ਸਫ਼ਾਈ ਕਰਨ ਦਾ ਕੰਮ ਚੱਲ ਰਿਹਾ ਹੈ, ਪਰ ਇਨ੍ਹਾਂ ਨਾਲ ਸੰਬੰਧਿਤ ਮਹਿਕਮੇ ਦੇ ਉੱਚ ਅਧਿਕਾਰੀ ਦੀ ਮਿਲੀਭੁਗਤ ਨਾਲ ਠੇਕੇਦਾਰ ਆਪਣੀਆਂ ਮਨਮਰਜੀਆਂ ਕਰ ਰਹੇ ਹਨ ਤੇ ਆਪਣੇ ਵਲੋਂ ਲਏ ਕੰਮ ਨੂੰ ਅੱਧ-ਵਿਚਕਾਰ ਛੱਡ ਰਹੇ ਹਨ, ਜਿਸ ਦਾ ਨਤੀਜਾ ਰਾਹਗੀਰਾਂ ਤੇ ਆਮ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ | ਜਿਸ ਦੀ ਉਦਾਹਰਨ ਹੈੱਡਾਂ ਤੋਂ ਅਬੋਹਰ ਨੂੰ ਜਾਣ ਵਾਲੀ ਨਹਿਰ ਤੋਂ ਮਿਲੀ | ਜਾਣਕਾਰੀ ਅਨੁਸਾਰ ਪਿੰਡ ਸੋਥਾ ਤੋਂ ਕੋਲ ਲੰਘਦੀ ਅਬੋਹਰ ਮਾਈਨਰ ਦੀ ਬੀਤੀ ਦਿਨੀਂ ਸੰਬੰਧਿਤ ਮਹਿਕਮੇ ਵਲੋਂ ਸਫ਼ਾਈ ਜੇ.ਸੀ.ਬੀ. ਨਾਲ ਕਰਵਾਈ ਗਈ ਤੇ ਮਾਈਨਰ ਵਿਚੋਂ ਨਿਕਲਿਆ ਮਲਬਾ ਪਟੜੀਆਂ 'ਤੇ ਸੁੱਟ ਕੇ ਵੱਡੇ-ਵੱਡੇ ਢੇਰ ਲਗਾ ਦਿੱਤੇ, ਜਿਸ ਕਰਕੇ ਨਹਿਰ ਦੀਆਂ ਪਟੜੀਆਂ ਤੋਂ ਲੰਘਣ ਵਾਲੇ ਢਾਣੀ ਵਾਸੀ ਤੇ ਰਾਹੀਗਰ ਪਿਛਲੇ 15 ਦਿਨਾਂ ਤੋਂ ਪ੍ਰੇਸ਼ਾਨ ਹਨ | ਢਾਣੀ ਵਾਸੀਆਂ ਨੇ ਦੱਸਿਆ ਕਿ ਨਹਿਰ ਦੀ ਸਫ਼ਾਈ ਪੂਰੀ ਹੋ ਜਾਣ 'ਤੇ ਨਹਿਰ 'ਚ ਮਹਿਕਮੇ ਵਲੋਂ ਪਾਣੀ ਤਾਂ ਛੱਡ ਦਿੱਤਾ, ਪਰ ਪਟੜੀਆਂ 'ਤੇ ਲੱਗੇ ਮਲਬੇ ਨੂੰ ਚੁੱਕਣ ਦੀ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ | ਭੁਪਿੰਦਰ ਸਿੰਘ ਬਰਾੜ, ਸੁਖਰਾਜ ਸਿੰਘ ਚੱਕ ਦੂਹੇਵਾਲਾ, ਕੁਲਵੰਤ ਸਿੰਘ ਸੋਥਾ, ਮਨਜੀਤ ਸਿੰਘ ਆਦਿ ਨੇ ਹਲਕਾ ਵਿਧਾਇਕਾ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਤੇ ਸੰਬੰਧਿਤ ਮਹਿਕਮੇ ਦੇ ਉੱਚ ਅਧਿਕਾਰੀਆ ਪਾਸੋਂ ਮੰਗ ਕੀਤੀ ਹੈ ਕਿ ਤੁਰੰਤ ਕਾਰਵਾਈ ਕਰਕੇ ਮਲਬੇ ਨੂੰ ਚੁਕਵਾਇਆ ਜਾਵੇ, ਤਾਂ ਜੋ ਆਉਣ ਵਾਲੇ ਕਣਕ ਦੇ ਸੀਜ਼ਨ 'ਚ ਕੋਈ ਮੁਸ਼ਕਿਲ ਪੇਸ਼ ਨਾ ਆਵੇ |