ਸਾਦਿਕ, 9 ਅਪ੍ਰੈਲ (ਗੁਰਭੇਜ ਸਿੰਘ ਚੌਹਾਨ)-ਦਾਣਾ ਮੰਡੀ ਸਾਦਿਕ ਵਿਚ ਪਿਛਲੇ ਦਿਨਾਂ ਤੋਂ ਕਣਕ ਦੀ ਆਮਦ ਧੀਮੀ ਰਫ਼ਤਾਰ ਨਾਲ ਹੋ ਰਹੀ ਹੈ ਤੇ ਟਾਵੀਂਆਂ ਟਾਵੀਆਂ ਢੇਰੀਆਂ ਮੰਡੀ ਦੇ ਫੜ੍ਹ 'ਚ ਪਈਆਂ ਨਜ਼ਰ ਆ ਰਹੀਆਂ ਹਨ | ਜਿਨ੍ਹਾਂ ਵਿਚ ਕੁਝ ਢੇਰੀਆਂ ਤਰਪਾਲਾਂ ਨਾਲ ਢਕੀਆਂ ਹੋਈਆਂ ਹਨ ਤੇ ਕੁਝ ਕੁ ਸੁੱਕਣ ਲਈ ਖਿਲਾਰੀਆਂ ਹੋਈਆਂ ਹਨ ਪਰ ਅੱਜ ਮੌਸਮ ਖੁਸ਼ਕ ਰਹਿਣ ਦੀ ਪੇਸ਼ੀਨਗੋਈ ਦੇ ਬਾਵਜੂਦ ਵੀ ਬੱਦਲ ਚਾਲ ਵਾਲਾ ਬਣਿਆ ਹੋਇਆ ਹੈ | ਕਦੇ ਧੁੱਪ, ਕਦੇ ਛਾਂ ਵਾਲੀ ਸਥਿਤੀ ਚੱਲ ਰਹੀ ਹੈ | ਕਈ ਦਿਨ ਤੋਂ ਚੱਲ ਰਹੀ ਮੌਸਮ ਦੀ ਖਰਾਬੀ ਤੋਂ ਡਰੇ ਹੋਏ ਕਿਸਾਨਾਂ ਨੇ ਅੱਜ ਮੌਸਮ ਵਿਭਾਗ ਦੀ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਦੇ ਅਨੁਸਾਰ ਖੇਤਾਂ ਵਿਚ ਕੰਬਾਈਨਾਂ ਰਾਹੀਂ ਕਟਾਈ ਵੀ ਸ਼ੁਰੂ ਕਰ ਦਿੱਤੀ ਹੈ | ਜੇਕਰ ਮੌਸਮ ਦੇ ਹਾਲਾਤ ਠੀਕ ਰਹੇ ਤਾਂ ਅੱਜ ਮੰਡੀ ਵਿਚ ਕਣਕ ਦੀ ਆਮਦ ਤੇਜ਼ ਹੋਣ ਦੀ ਸੰਭਾਵਨਾ ਹੈ | ਕਿਸਾਨ ਮੌਸਮ ਦੇ ਡਰਾਏ ਹੋਏ ਕਣਕ ਦੀ ਕਟਾਈ ਵਿਚ ਕਾਹਲ ਵਿਖਾ ਰਹੇ ਹਨ ਪਰ ਕਈ ਦਿਨਾਂ ਤੋਂ ਲਗਾਤਾਰ ਬਾਰਸ਼ ਰਹਿਣ ਕਾਰਨ ਕਣਕ ਵਿਚ ਅਜੇ ਨਮੀ ਦੀ ਮਾਤਰਾ ਕਾਫ਼ੀ ਹੈ | ਜਿੰਨ੍ਹਾਂ ਸਮਾਂ ਦੋ ਚਾਰ ਸਖ਼ਤ ਧੁੱਪਾਂ ਖੜ੍ਹੀ ਫ਼ਸਲ ਨੂੰ ਨਹੀਂ ਲੱਗਦੀਆਂ ਤਦ ਤੱਕ ਨਮੀ ਦਾ ਘਟਣਾ ਨਾ-ਮੁਮਕਿਨ ਹੈ | ਸਿੱਲ੍ਹੀ ਵੱਢੀ ਹੋਈ ਕਣਕ ਢੇਰ ਵਿਚ ਸੁੱਕਣੀ ਮੁਸ਼ਕਿਲ ਹੋ ਜਾਂਦੀ ਹੈ ਤੇ ਫਿਰ ਕਈ ਕਈ ਦਿਨ ਕਿਸਾਨ ਨੂੰ ਮੰਡੀ ਵਿਚ ਖ਼ਰੀਦ ਦੀ ਉਡੀਕ ਕਰਨੀ ਪੈਂਦੀ ਹੈ | ਕਣਕ ਦੀ ਕਟਾਈ ਵਿਚ ਜਲਦਬਾਜ਼ੀ ਨਾ ਕਰਨ ਸਬੰਧੀ ਕਿਸਾਨਾਂ ਨੂੰ ਅਪੀਲ ਕਰਦਿਆਂ ਗੁਰਸੇਵਕ ਸਿੰਘ ਸੰਧੂ ਬੁੱਟਰ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਸਰਕਾਰ ਕਿਸਾਨਾਂ ਦਾ ਦਾਣਾ ਦਾਣਾ ਦੀ ਖ਼ਰੀਦ ਕਰੇਗੀ |