ਮਲੋਟ, 9 ਅਪ੍ਰੈਲ (ਪਾਟਿਲ)-ਸ਼ਹਿਰ 'ਚ ਐੱਸ.ਡੀ. ਸਕੂਲ ਤੋਂ ਗ੍ਰੀਨ ਵੈਲੀ ਵੱਲ ਜਾਂਦੀ ਸੜਕ ਦੀ ਖ਼ਸਤਾ ਹਾਲਤ ਤੇ ਲੰਬੇ ਸਮੇਂ ਤੋਂ ਚੱਲ ਰਹੇ ਨਿਰਮਾਣ ਕੰਮ ਨੂੰ ਲੈ ਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ | ਉਨ੍ਹਾਂ ਸੰਬੰਧਿਤ ਅਧਿਕਾਰੀਆਂ ਤੇ ਠੇਕੇਦਾਰਾਂ ਨੂੰ ਸਖ਼ਤ ਤੌਰ 'ਤੇ ਤਾੜਨਾ ਕਰਦਿਆਂ ਕਿਹਾ ਕਿ ਕੰਮ ਨੂੰ ਹੋਰ ਦੇਰੀ ਬਿਨ੍ਹਾਂ ਸਮੇਂ ਸਿਰ ਮੁਕੰਮਲ ਕੀਤਾ ਜਾਵੇ, ਤਾਂ ਜੋ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀ ਨਾ ਝੱਲਣੀ ਪਵੇ | ਕੈਬਨਿਟ ਮੰਤਰੀ ਨੇ ਦੱਸਿਆ ਕਿ ਪਾਈਪ ਲਾਈਨ ਤੇ ਸੀਵਰੇਜ ਦੇ ਕੰਮ ਮੁਕੰਮਲ ਹੋਣ ਤੋਂ ਬਾਅਦ ਵੀ ਮਿੱਟੀ ਗਿੱਲੀ ਹੋਣ ਕਾਰਨ ਸੜਕ ਨਿਰਮਾਣ ਵਿਚ ਰੁਕਾਵਟ ਆ ਰਹੀ ਹੈ | ਇਸ 'ਤੇ ਠੇਕੇਦਾਰ ਵਲੋਂ ਗਿੱਲੀ ਮਿੱਟੀ 'ਚ ਕੰਕਰੀਟ ਪਾਉਣ ਸੰਬੰਧੀ ਮੁਸ਼ਕਿਲਾਂ ਜਤਾਈਆਂ ਗਈਆਂ | ਇਸ 'ਤੇ ਕੈਬਨਿਟ ਮੰਤਰੀ ਨੇ ਸਪੱਸ਼ਟ ਨਿਰਦੇਸ਼ ਦਿੱਤੇ ਕਿ ਕੰਮ ਰੋਕਿਆ ਨਾ ਜਾਵੇ, ਸਗੋਂ ਤਕਨੀਕੀ ਢੰਗ ਨਾਲ ਮਸਲੇ ਦਾ ਹੱਲ ਕਰਕੇ ਕੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਕੰਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾਵੇ, ਪਰ ਲਾਪ੍ਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਕੈਬਨਿਟ ਮੰਤਰੀ ਨੇ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਨੂੰ ਤੁਰੰਤ ਤੇਜ਼ ਕਰਕੇ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ |