ਸ੍ਰੀ ਮੁਕਤਸਰ ਸਾਹਿਬ, 21 ਮਈ (ਰਣਜੀਤ ਸਿੰਘ ਢਿੱਲੋਂ)-ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਵਿਸ਼ੂ ਚੌਧਰੀ ਦੇ ਮਾਤਾ ਸ੍ਰੀਮਤੀ ਰਾਜ ਬਾਲਾ ਵਾਰਡ ਨੰਬਰ 23 ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹਨ | ਉਨ੍ਹਾਂ ਦੇ ਹੱਕ ਵਿਚ ਭਾਜਪਾ ਦੇ ਵੱਡੇ ਆਗੂਆਂ ਨੇ ਪਹੁੰਚ ਕੇ ਚੋਣ ਪ੍ਰਚਾਰ ਕੀਤਾ | ਅੱਜ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਲੱਡੂ ਵੰਡੇ ਗਏ ਅਤੇ ਇਸ ਉਪਰੰਤ ਭਾਜਪਾ ਦੇ ਸੀਨੀਅਰ ਆਗੂ ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਮੈਂਬਰ ਭਾਈ ਰਾਹੁਲ ਸਿੰਘ ਸਿੱਧੂ, ਭਾਜਪਾ ਕਿਸਾਨ ਮੋਰਚੇ ਦੇ ਸੂਬਾ ਜਨਰਲ ਸਕੱਤਰ ਗੁਰਚਰਨ ਸਿੰਘ ਸੰਧੂ ਸਾਬਕਾ ਡੀ.ਟੀ.ਓ., ਸੀਨੀਅਰ ਆਗੂ ਰਾਕੇਸ਼ ਧੀਂਗੜਾ, ਪੁਸ਼ਪਿੰਦਰ ਸਿੰਘ ਭੰਡਾਰੀ, ਮੰਡਲ ਪ੍ਰਧਾਨ ਹਰੀਸ਼ ਵਾਟਸ, ਐਡਵੋਕੇਟ ਅਨੁਰਾਗ ਸ਼ਰਮਾ, ਯੁਵਾ ਮੋਰਚੇ ਦੇ ਮੰਡਲ ਪ੍ਰਧਾਨ ਮੌਰਧਬਾਜ ਸੇਠੀ, ਸਾਬਕਾ ਪ੍ਰਧਾਨ ਸੋਮਨਾਥ, ਧਰਮਪਾਲ ਡਾਬਲਾ ਤੇ ਹੋਰ ਮੁਹੱਲਾ ਵਾਸੀਆਂ ਦੇ ਨਾਲ ਵਾਰਡ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ ਅਤੇ ਘਰ-ਘਰ ਜਾ ਕੇ ਰਾਜ ਬਾਲਾ ਲਈ ਵੋਟਾਂ ਮੰਗੀਆਂ | ਭਾਜਪਾ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋ ਚੁੱਕੀ ਹੈ | ਇਸ ਤੋਂ ਪਹਿਲਾਂ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਨੂੰ ਲੋਕਾਂ ਨੇ ਵੇਖ ਲਿਆ ਹੈ | ਅਜੇ ਤੱਕ ਵੀ ਸ੍ਰੀ ਮੁਕਤਸਰ ਸਾਹਿਬ ਇਤਿਹਾਸਕ ਸ਼ਹਿਰ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਚੰਗੇ ਭਵਿੱਖ ਲਈ 2027 ਵਿਚ ਭਾਜਪਾ ਸਰਕਾਰ ਪੰਜਾਬ 'ਚ ਲਿਆਉਣ ਲਈ ਨਗਰ ਕੌਂਸਲ ਚੋਣਾਂ ਵਿਚ ਭਾਜਪਾ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਇਨ੍ਹਾਂ ਦੇ ਉਮੀਦਵਾਰ ਜਿਤਾ ਕੇ ਨਗਰ ਕੌਂਸਲ ਬਣਾਈ ਜਾਵੇ, ਤਾਂ ਜੋ ਸ਼ਹਿਰ ਦਾ ਵੱਡੀ ਪੱਧਰ 'ਤੇ ਵਿਕਾਸ ਹੋ ਸਕੇ |