ਸ੍ਰੀ ਮੁਕਤਸਰ ਸਾਹਿਬ, 21 ਜੂਨ (ਰਣਜੀਤ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਸੁਚੱਜੇ ਪ੍ਰਬੰਧਾਂ ਹੇਠ ਨੀਟ ਦੀ ਪ੍ਰੀਖਿਆ ਮੁਕੰਮਲ ਹੋ ਗਈ ਹੈ। ਜ਼ਿਲ੍ਹੇ ਵਿਚ ਬਣਾਏ ਗਏ ਪ੍ਰੀਖਿਆ ਸੈਂਟਰ ਪੀ.ਐਮ. ਸ੍ਰੀ ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੀਖਿਆ ਮੁਕੰਮਲ ਹੋਈ। ਨੋਡਲ ਅਫਸਰ ਡੈਵੀ ਗੋਇਲ ਵਧੀਕ ਡਿਪਟੀ ਕਮਿਸ਼ਨਰ, ਤਹਿਸੀਲਦਾਰ ਤੋਂ ਇਲਾਵਾ ਉਪ ਮੰਡਲ ਮੈਜਿਸਟਰੇਟ ਮਲੋਟ ਪੰਕਜ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਯਾਦਵਿੰਦਰ ਸਿੰਘ ਮਾਨ, ਉਪ ਜ਼ਿਲ੍ਹਾ ਸਿੱਖਿਆ ਅਫਸਰ ਰਜਿੰਦਰ ਕੁਮਾਰ ਸੋਨੀ, ਸਿਟੀ ਕੁਆਰਡੀਨੇਟਰ ਅਮਿਤ ਗੋਇਲ ਆਦਿ ਅਧਿਕਾਰੀ ਪ੍ਰੀਖਿਆ ਦੌਰਾਨ ਹਾਜ਼ਰ ਰਹੇ। ਪ੍ਰੀਖਿਆ ਕੇਂਦਰ ਵਿਚ ਸਾਫ਼ ਸਫਾਈ, ਤਜਰਬੇਕਾਰ ਸਟਾਫ਼, ਪੀਣ ਵਾਲੇ ਸਾਫ ਪਾਣੀ, ਬਿਜਲੀ ਆਦਿ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ। ਬੱਚਿਆਂ ਦੀ ਸਿਹਤ ਸਹੂਲਤ ਲਈ ਮੈਡੀਕਲ ਟੀਮਾਂ ਵੀ ਤਾਇਨਾਤ ਸਨ। ਬਿਜਲੀ ਸਬੰਧੀ ਪਾਵਰਕਾਮ ਦੀ ਟੀਮ ਵੀ ਹਾਜ਼ਰ ਰਹੀ ਤਾਂ ਜੋ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਹੋ ਸਕੇ। ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਮੁਖੀ ਅਭਿਮਨਿਊ ਰਾਣਾ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਡੀ.ਐਸ.ਪੀ. ਅਤੇ ਹੋਰ ਅਧਿਕਾਰੀ ਮੌਕੇ ’ਤੇ ਤਾਇਨਾਤ ਰਹੇ। ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲ੍ਹਾ ਟਰੈਫਿਕ ਇੰਚਾਰਜ ਤਰਸੇਮ ਸਿੰਘ ਦੀ ਅਗਵਾਈ ਵਿਚ ਟੀਮ ਤਾਇਨਾਤ ਰਹੀ ਅਤੇ ਪ੍ਰੀਖਿਆ ਕੇਂਦਰ ਦੇ ਬਾਹਰ ਸੜਕ ’ਤੇ ਨਾਲੋਂ ਨਾਲ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ। ਵਿਦਿਆਰਥੀ ਸੈਂਟਰ ’ਤੇ ਸਮੇਂ ਸਿਰ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਪੂਰੀ ਛਾਣਬੀਣ ਉਪਰੰਤ ਪ੍ਰੀਖਿਆ ਕੇਂਦਰ ਵਿਚ ਦਾਖਲ ਹੋ ਰਹੇ ਸਨ। ਪੇਪਰ ਮੁਕੰਮਲ ਹੋਣ ਉਪਰੰਤ ਵਿਦਿਆਰਥੀ ਬਾਹਰ ਆਏ ਅਤੇ ਆਪਣੇ ਘਰਾਂ ਨੂੰ ਰਵਾਨਾ ਹੋਏ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਸੁਚੱਜੇ ਪ੍ਰਬੰਧਾਂ ਹੇਠ ਨੀਟ ਦੀ ਪ੍ਰੀਖਿਆ ਹੋਈ ਮੁਕੰਮਲ
ਅਜੀਤ ਡੈਸਕ
22-06-2026