ਸ੍ਰੀ ਮੁਕਤਸਰ ਸਾਹਿਬ, 6 ਜੁਲਾਈ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਖੇਤਰ ’ਚ ਇਸ ਵਾਰ ਮਾਨਸੂਨ ਦੀ ਬਾਰਿਸ਼ ਨਾਮਾਤਰ ਪੈਣ ਕਰਕੇ ਖੇਤੀਬਾੜੀ ਅਤੇ ਜਲ-ਸਰੋਤਾਂ ’ਤੇ ਗੰਭੀਰ ਸੰਕਟ ਛਾ ਗਿਆ ਹੈ। ਝੋਨੇ ਦੀ ਫ਼ਸਲ ਨੂੰ ਪਾਲਣਾ ਕਿਸਾਨਾਂ ਲਈ ਬੇਹੱਦ ਔਖਾ ਤੇ ਮਹਿੰਗਾ ਹੋ ਗਿਆ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਨੀਵਾਂ ਚਲਾ ਗਿਆ ਹੈ, ਜਿਸ ਕਾਰਨ ਪੇਂਡੂ ਇਲਾਕਿਆਂ ਵਿਚ ਲੱਗੇ ਨਲਕੇ (ਹੈਂਡਪੰਪ) ਅਤੇ ਖੇਤਾਂ ਦੇ ਬੋਰ ਜਵਾਬ ਦੇਣ ਲੱਗੇ ਹਨ। ਸੈਂਟਰਲ ਗਰਾਊਂਡ ਵਾਟਰ ਬੋਰਡ ਅਤੇ ਖੋਜ ਸੰਸਥਾਵਾਂ ਦੇ ਹਾਲੀਆ ਹਾਈਡਰੋਗ੍ਰਾਫਿਕ ਅੰਕੜਿਆਂ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਖੇਤੀ ਮਾਹਿਰਾਂ ਅਨੁਸਾਰ ਜਦੋਂ ਬਾਰਿਸ਼ ਘੱਟ ਹੁੰਦੀ ਹੈ ਤਾਂ ਜ਼ਮੀਨ ਦੀ ਉਪਰਲੀ ਪਰਤ ਰਿਚਾਰਜ ਨਹੀਂ ਹੁੰਦੀ। ਕਿਸਾਨ ਹਰਮਨ ਸਿੰਘ ਨੇ ਦੱਸਿਆ ਕਿ ਝੋਨਾ ਪਾਲਣ ਲਈ ਰੋਜ਼ਾਨਾ 12 ਘੰਟੇ ਟਿਊਬਵੈੱਲ ਚਲਾਉਣਾ ਪੈ ਰਿਹਾ ਹੈ, ਜਿਸ ’ਤੇ ਕਰੀਬ 3 ਹਜ਼ਾਰ ਰੁਪਏ ਦਾ ਰੋਜ਼ਾਨਾ ਡੀਜ਼ਲ ਲੱਗਦਾ ਹੈ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਨਹਿਰਾਂ ’ਚ ਪਾਣੀ ਪੂਰਾ ਆਉਣ ਕਰਕੇ ਉਨ੍ਹਾਂ ਦੀ ਕੁਝ ਜਾਨ ਸੌਖੀ ਹੈ, ਪਰ ਲੋੜੋਂ ਵੱਧ ਗਰਮੀ ਤੇ ਬਾਰਿਸ਼ ਦੀ ਘਾਟ ਨੇ ਸੰਕਟ ਖੜ੍ਹਾ ਕੀਤਾ ਹੋਇਆ ਹੈ। ਖੇਤ ਵਿਚ ਪਾਣੀ ਭਰਨ ਲਈ ਟਿਊਬਵੈੱਲ ਚਲਾਉਣਾ ਪੈਂਦਾ ਹੈ। ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਜਗਸੀਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਪਿਛਲੇ ਵਰ੍ਹੇ ਮਈ ਤੇ ਜੂਨ ਮਹੀਨੇ ’ਚ ਪਈ 239 ਦੇ ਮੁਕਾਬਲੇ ਇਸ ਵਰ੍ਹੇ ਮਈ ਅਤੇ ਜੂਨ ਮਹੀਨੇ ’ਚ ਮਹਿਜ਼ 91 ਮਿਲੀਲੀਟਰ ਬਾਰਿਸ਼ ਹੋਈ ਹੈ। ਦੂਜਾ ਗਰਮੀ ਜ਼ਿਆਦਾ ਹੋਣ ਕਰਕੇ ਪਾਣੀ ਦੀ ਲੋੜ ਵੱਧ ਹੈ, ਪਰ ਨਹਿਰਾਂ ’ਚ ਪਾਣੀ ਪੂਰਾ ਹੋਣ ਕਰਕੇ ਬਹੁਤ ਸੰਕਟ ਨਹੀਂ ਆਇਆ।