06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸ੍ਰੀ ਮੁਕਤਸਰ ਸਾਹਿਬ ਮਗਰੋਂ ਬਠਿੰਡਾ ਜ਼ਿਲ੍ਹਾ ਪ੍ਰੀਸ਼ਦ ਦੀ ‘ਚੌਧਰ’ ਲਈ ਅਕਾਲੀ ਦਲ ਚੌਕੰਨਾ

Ad Position 21
No active advertisement
ਅਜੀਤ ਡੈਸਕ 29-07-2026
ਮੰਡੀ ਕਿੱਲਿਆਂਵਾਲੀ, 28 ਜੁਲਾਈ (ਇਕਬਾਲ ਸਿੰਘ ਸ਼ਾਂਤ)-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਚੋਣ ਵਿਚ ਇਕ ਵੋਟ ਨਾਲ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਬਠਿੰਡਾ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ ਚੋਣ ਲਈ ਪੂਰੇ ਚੌਕੰਨੇ ਰੌਂਅ ਵਿਚ ਹੈ। ਹਾਲਾਂਕਿ ਅੰਕੜਿਆਂ ਮੁਤਾਬਕ ਪਾਰਟੀ ਬਹੁਮਤ ਵਿਚ ਹੈ, ਫ਼ਿਰ ਵੀ ਅਕਾਲੀ ਹਾਈਕਮਾਂਡ ਜ਼ਿਲ੍ਹਾ ਪ੍ਰੀਸ਼ਦ ਦੇ ਇਸ ਕਿਲ੍ਹੇ ਨੂੰ ਜੇਤੂ ਦਾਅ ਤੱਕ ਲਿਜਾਣ ਲਈ ਫੂਕ-ਫੂਕ ਕੇ ਪੈਰ ਰੱਖ ਰਿਹਾ ਹੈ। ਅਕਾਲੀ ਦਲ ਦਾ ਦਾਅਵਾ ਹੈ ਕਿ 29 ਜੁਲਾਈ ਨੂੰ ਬਠਿੰਡਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਨਿਯੁਕਤ ਅਬਜ਼ਰਵਰਾਂ ਦੀ ਨਿਗਰਾਨੀ ਹੇਠ ਹੋਵੇਗੀ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਵੀ ਹਾਈਕੋਰਟ ਦੇ ਅਬਜ਼ਰਵਰਾਂ ਦੀ ਨਿਗਰਾਨੀ ਹੇਠ ਹੋਈ ਸੀ। ਪਾਰਟੀ ਬੁਲਾਰੇ ਮੁਤਾਬਕ ਸੂਬਾ ਸਰਕਾਰ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਕਰਵਾਉਣ ਤੋਂ ਟਾਲ-ਮਟੋਲ ਕਰ ਰਹੀ ਸੀ, ਜਿਸ ਉਪਰੰਤ ਅਦਾਲਤੀ ਦਖ਼ਲ ਨਾਲ ਚੋਣ ਕਰਵਾਈ ਜਾ ਰਹੀ ਹੈ। ਚੋਣ ਤੋਂ 24 ਘੰਟੇ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਿੰਡ ਬਾਦਲ ਵਿਖੇ ਬਠਿੰਡਾ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਤੇ ਬਲਾਕ ਸੰਮਤੀ ਚੇਅਰਪਰਸਨਾਂ ਨਾਲ ਅਹਿਮ ਮੀਟਿੰਗ ਕੀਤੀ। ਇਸ ਮੌਕੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਵੀ ਮੌਜੂਦ ਸਨ। ਸੂਤਰਾਂ ਮੁਤਾਬਕ ਮੀਟਿੰਗ ਵਿਚ ਚੇਅਰਮੈਨੀ ਚੋਣ ਸੰਬੰਧੀ ਰਣਨੀਤੀ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸੁਖਬੀਰ ਸਿੰਘ ਬਾਦਲ ਨੇ ਜੇਤੂ ਨੁਮਾਇੰਦਿਆਂ ਨੂੰ ਵਧਾਈ ਦਿੱਤੀ ਤੇ ਲੋਕ ਸੇਵਾ ਲਈ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਮੌਜੂਦ ਆਗੂਆਂ ਨੇ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਇਕਜੁੱਟਤਾ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਚੋਣ ਦੇ ਕੌੜੇ ਤਜ਼ਰਬੇ ਤੋਂ ਬਾਅਦ ਬਠਿੰਡਾ ਵਿਚ ਇਸ ਮੀਟਿੰਗ ਨੂੰ ਕਿਸੇ ਅਣਕਿਆਸੀ ਸਥਿਤੀ ਤੋਂ ਬਚਾਅ ਲਈ ਪਾਰਟੀ ਦੀ ਰਣਨੀਤਕ ਕਵਾਇਦ ਵਜੋਂ ਦੇਖਿਆ ਜਾ ਰਿਹਾ ਹੈ। ਅਕਾਲੀ ਦਲ ਦੇ ਅਨੁਸਾਰ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਵਿਚ ਕੁੱਲ 25 ਵੋਟਾਂ ਪੈਣੀਆਂ ਹਨ। ਇਨ੍ਹਾਂ ਵਿਚ ਪਾਰਟੀ ਕੋਲ 18 ਵੋਟਾਂ ਹਨ, ਜਿਨ੍ਹਾਂ ਵਿਚ 13 ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ 5 ਬਲਾਕ ਸੰਮਤੀ ਚੇਅਰਪਰਸਨ ਸ਼ਾਮਿਲ ਹਨ। ਬਾਕੀ 7 ਵੋਟਾਂ ਸੱਤਾਧਾਰੀ ਆਮ ਆਦਮੀ ਪਾਰਟੀ ਕੋਲ ਹਨ, ਜਦਕਿ ਕਾਂਗਰਸ ਅਤੇ ਭਾਜਪਾ ਦਾ ਕੋਈ ਵੀ ਨੁਮਾਇੰਦਾ ਨਹੀਂ ਜਿੱਤਿਆ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਆਊਟਸੋਰਸ ਕਾਮਿਆਂ ਦਾ ਧਰਨਾ ਚੌਥੇ ਦਿਨ ਵੀ ਜਾਰੀ ਰਿਹਾ ਅਗਲੀ ਖ਼ਬਰ ਹੈਪੇਟਾਈਟਸ ਦਿਵਸ ਮੌਕੇ ਸਿਵਲ ਸਰਜਨ ਦਫ਼ਤਰ ਵਿਖੇ ਜਾਗਰੂਕਤਾ ਸਮਾਗਮ ਕਰਵਾਇਆ
Ad Position 24
No active advertisement