ਝੁਨੀਰ, 28 ਜਨਵਰੀ (ਸੰਜੀਵ ਸਿੰਗਲਾ)- ਕਸਬਾ ਝੁਨੀਰ 'ਚ ਮਾਰਕੀਟ ਕਮੇਟੀ ਬਣਾਉਣ ਦੀ ਮੰਗ ਜ਼ੋਰ ਫੜ ਰਹੀ ਹੈ | ਦੱਸ ਦੇਈਏ ਕਾਂਗਰਸ ਸਰਕਾਰ ਸਮੇਂ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੇ ਕਸਬੇ ਨੂੰ ਸਬ ਡਵੀਜ਼ਨ ਦਾ ਤੋਹਫ਼ਾ ਦਿੱਤਾ ਸੀ ਅਤੇ 9 ਮਹੀਨੇ ਦੇ ਲਗਭਗ ਇਹ ਸਬ ਡਿਵੀਜ਼ਨ ਇੱਥੇ ਚੱਲਦੀ ਰਹੀ ਪ੍ਰੰਤੂ ਫਿਰ ਸਿਆਸਤ ਦੀ ਭੇਟ ਚੜ ਗਈ | ਉਸ ਤੋਂ ਬਾਅਦ ਇਲਾਕੇ ਵੱਲ ਕਿਸੇ ਵੀ ਸਰਕਾਰ ਅਤੇ ਸਿਆਸੀ ਆਗੂ ਨੇ ਇਸ ਵੱਲ ਬਹੁਤਾ ਧਿਆਨ ਨਹੀਂ ਦਿੱਤਾ | ਦੱਸਣਯੋਗ ਹੈ ਕਿ ਪਿਛਲੇ ਦਿਨ ਹੀ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਇੱਕ ਸਮਾਗਮ ਦੌਰਾਨ ਐਲਾਨ ਕੀਤਾ ਸੀ ਕਿ ਅਗਲੇ ਮਹੀਨੇ ਕਸਬੇ ਨੇੜਲੇ ਪਿੰਡ ਸਾਹਨੇਵਾਲੀ ਵਿਖੇ ਆਈ.ਟੀ.ਆਈ. ਦਾ ਨੀਂਹ ਪੱਥਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰੱਖਣਗੇ | ਇਸ ਫੇਰੀ ਦੇ ਮੱਦੇਨਜ਼ਰ ਕਿਆਸ ਰਜਾਈਆਂ ਸ਼ੁਰੂ ਹੋ ਚੁੱਕੀਆਂ ਹਨ ਕਿ ਕਸਬੇ ਨੂੰ ਮਾਰਕੀਟ ਕਮੇਟੀ ਅਤੇ ਮੁਕੰਮਲ ਮੰਡੀ ਚਲਾਇਆ ਜਾਵੇਗਾ | ਮਾਰਕੀਟ ਕਮੇਟੀ ਨਾ ਬਣਨ ਕਾਰਨ ਨਰਮਾ ਕਪਾਹ ਦੀ ਬੋਲੀ ਨਾ ਹੋਣ ਕਾਰਨ ਕਿਸਾਨਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਸਾਨ ਆਗੂ ਬਲਕਾਰ ਸਿੰਘ ਚਹਿਲ ਨੇ ਦੱਸਿਆ ਕਿ ਕਿਸਾਨਾਂ ਨੂੰ ਨਰਮੇ ਤੇ ਕਪਾਹ ਦੀ ਫ਼ਸਲ ਅਨਾਜ ਮੰਡੀ ਮਾਨਸਾ ਵਿਖੇ ਲਿਜਾਣੀ ਪੈਂਦੀ ਹੈ ਅਤੇ ਮਹਿੰਗੇ ਭਾਅ ਦਾ ਡੀਜ਼ਲ ਫ਼ੂਕ ਕੇ ਸ਼ਹਿਰ ਆਉਣਾ ਜਾਣਾ ਪੈਂਦਾ ਹੈ | ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਵੀ ਇੱਥੇ ਮੁਕੰਮਲ ਮੰਡੀ ਚਲਾਉਣ ਅਤੇ ਮਾਰਕੀਟ ਕਮੇਟੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਹ ਵਫ਼ਾ ਨਹੀਂ ਹੋਇਆ | ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਸਬਾ 'ਚ ਮੁਕੰਮਲ ਮੰਡੀ ਚਲਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਫ਼ਾਇਦਾ ਮਿਲ ਸਕੇ | ਪਿੰਡ ਦੇ ਮੌਜੂਦਾ ਸਰਪੰਚ ਜਗਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਮਿਲਿਆ ਜਾਵੇਗਾ ਤਾਂ ਜੋ ਜਲਦੀ ਹੀ ਮਾਰਕੀਟ ਕਮੇਟੀ ਤੇ ਅਨਾਜ ਮੰਡੀ ਮੁਕੰਮਲ ਚਲਾਈ ਜਾ ਸਕੇ |