ਮਾਨਸਾ, 28 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਪੁਲਿਸ ਨੇ ਪਿੰਡ ਖਿੱਲਣ ਦੀ ਸਾਬਕਾ ਸਰਪੰਚ ਮਹਿੰਦਰਜੀਤ ਕੌਰ ਦੇ ਕਤਲ ਮਾਮਲੇ 'ਚ ਪਿਉ-ਪੁੱਤ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਜਦਕਿ ਤੀਜਾ ਵਿਅਕਤੀ ਹਾਲ ਦੀ ਘੜੀ ਫ਼ਰਾਰ ਹੈ | ਕਾਬਲੇ-ਗ਼ੌਰ ਰਹੇ ਕਿ ਲੰਘੀ 24 ਜਨਵਰੀ ਨੂੰ ਉਪਰੋਕਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ | ਐਸ. ਪੀ. (ਐਚ.) ਪਰਦੀਪ ਸੰਧੂ ਨੇ ਪ੍ਰੈੱਸ ਕਾਨਫ਼ਰੰਸ ਮੌਕੇ ਦੱਸਿਆ ਕਿ ਮਿ੍ਤਕਾ ਦੇ ਪਤੀ ਮਨਪ੍ਰੀਤ ਸਿੰਘ ਵਾਸੀ ਖਿੱਲਣ ਹਾਲ ਆਬਾਦ ਬੁਢਲਾਡਾ ਦੇ ਬਿਆਨਾਂ 'ਤੇ ਅਮਨਿੰਦਰ ਸਿੰਘ ਪੁੱਤਰ ਭਗਵੰਤ ਸਿੰਘ, ਭਗਵੰਤ ਸਿੰਘ ਪੁੱਤਰ ਮੱਲ ਸਿੰਘ, ਗੁਰਪਾਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀਅਨ ਖਿੱਲਣ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਦੇ ਨਿਰਦੇਸ਼ਾਂ 'ਤੇ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਬੂਟਾ ਸਿੰਘ ਗਿੱਲ ਡੀ. ਐਸ. ਪੀ. ਸਬ ਡਵੀਜ਼ਨ ਮਾਨਸਾ ਦੀ ਅਗਵਾਈ ਹੇਠ ਇੰਸਪੈਕਟਰ ਅਮਰੀਕ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਮਾਨਸਾ ਤੇ ਸਹਾਇਕ ਥਾਣੇਦਾਰ ਰਾਜਵਿੰਦਰ ਸਿੰਘ ਚੌਂਕੀ ਇੰਚਾਰਜ ਨਰਿੰਦਰਪੁਰਾ 'ਤੇ ਆਧਾਰਿਤ ਟੀਮਾਂ ਦਾ ਗਠਨ ਕੀਤਾ ਗਿਆ | ਟੀਮਾਂ ਨੇ ਮੁਸਤੈਦੀ ਅਤੇ ਵਿਗਿਆਨਿਕ ਤਰੀਕੇ ਨਾਲ ਅਮਨਿੰਦਰ ਸਿੰਘ (40), ਭਗਵੰਤ ਸਿੰਘ (64) ਨੂੰ ਕਾਬੂ ਕਰ ਕੇ ਵਾਰਦਾਤ ਸਮੇਂ ਵਰਤੇ ਹਥਿਆਰ ਅਤੇ ਬਿਨਾਂ ਨੰਬਰੀ ਸਕਰਾਪਿਉ ਕਾਰ ਬਰਾਮਦ ਕਰ ਲਈ ਹੈ | ਉਨ੍ਹਾਂ ਦਾਅਵਾ ਕੀਤਾ ਕਿ ਮੁਕੱਦਮੇ 'ਚ ਨਾਮਜ਼ਦ ਤੀਜੇ ਵਿਅਕਤੀ ਨੂੰ ਵੀ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ | ਸ੍ਰੀ ਸੰਧੂ ਅਨੁਸਾਰ ਕਤਲ ਦੀ ਵਜਾ ਰੰਜਸ਼ ਮਿ੍ਤਕਾ ਅਤੇ ਅਮਨਿੰਦਰ ਸਿੰਘ ਉਕਤਾਨ ਦਾ ਆਪਸੀ ਜ਼ਮੀਨੀ ਝਗੜਾ ਹੈ | ਪੁਲਿਸ ਨੇ ਕਥਿਤ ਦੋਸ਼ੀਆਂ ਦਾ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ, ਤੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ |
ਖਿੱਲਣ ਦੀ ਸਾਬਕਾ ਸਰਪੰਚ ਮਹਿੰਦਰਜੀਤ ਕੌਰ ਦੇ ਕਤਲ ਮਾਮਲੇ 'ਚ ਪਿਉ-ਪੁੱਤ ਗਿ੍ਫ਼ਤਾਰ
ਅਜੀਤ ਡੈਸਕ
29-01-2026