ਮਾਨਸਾ, 28 ਜਨਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਬੱਚਿਆਂ ਦੇ ਸਰਕਾਰੀ ਸਕੂਲਾਂ 'ਚ ਦਾਖ਼ਲਿਆਂ ਪ੍ਰਤੀ ਮਾਪਿਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਮਾਨਸਾ ਜ਼ਿਲੇ੍ਹ 'ਚ ਵਿਸ਼ੇਸ਼ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ ਨਵਜੋਤ ਕੌਰ ਡਿਪਟੀ ਕਮਿਸ਼ਨਰ ਵਲੋਂ ਕੀਤੀ ਗਈ | ਉਨ੍ਹਾਂ ਦਾਖਲਾ ਮੁਹਿੰਮ ਲਈ ਚਲਾਈ ਗਈ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਉਪਰੰਤ ਕਿਹਾ ਕਿ ਸਿੱਖਿਆ ਹਾਸਲ ਕਰਨਾ ਹਰ ਬੱਚੇ ਦਾ ਅਧਿਕਾਰ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ 'ਚ ਵਧੀਆ ਯੋਗ ਅਧਿਆਪਕ ਅਤੇ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਹੁਣ ਸਰਕਾਰੀ ਸਕੂਲ ਕਿਸੇ ਵੀ ਤਰ੍ਹਾਂ ਦੀ ਸਹੂਲਤ ਪੱਖੋਂ ਪਿੱਛੇ ਨਹੀਂ ਹਨ | ਸਰਕਾਰੀ ਸਕੂਲਾਂ ਦੀ ਇਹ ਦਾਖ਼ਲਾ ਜਾਗਰੂਕਤਾ ਮੁਹਿੰਮ ਮਾਪਿਆਂ ਦਾ ਭਰੋਸਾ ਹੋਰ ਮਜ਼ਬੂਤ ਕਰੇਗੀ | ਉਨ੍ਹਾਂ ਕਿਹਾ ਕਿ ਹਰ ਬੱਚੇ ਨੂੰ ਸਿੱਖਿਆ ਨਾਲ ਜੋੜਨਾ ਪ੍ਰਸ਼ਾਸਨ ਦੀ ਵਚਨਬੱਧਤਾ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਾਗਰੂਕਤਾ ਵੈਨ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ 'ਚ 30 ਜਨਵਰੀ ਤੱਕ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ 'ਚ ਉਪਲਬਧ ਸਹੂਲਤਾਂ ਬਾਰੇ ਜਾਣੂ ਕਰਵਾਏਗੀ ਅਤੇ ਦਾਖ਼ਲੇ ਲਈ ਉਤਸ਼ਾਹਿਤ ਕਰੇਗੀ ਤਾਂ ਜੋ ਹਰ ਬੱਚੇ ਨੂੰ ਸਸਤੀ ਤੇ ਵਧੀਆ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ | ਨੀਲਮ ਰਾਣੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਨੇ ਹੁਣ ਵਿਦਿਆਰਥੀਆਂ ਲਈ ਵਿੱਦਿਅਕ ਟੂਰ ਦਾ ਸਾਰਾ ਪ੍ਰਬੰਧ ਵੀ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਦਾਖ਼ਲਾ ਸਰਕਾਰੀ ਸਕੂਲਾਂ 'ਚ ਕਰਵਾਉਣ | ਉਨ੍ਹਾਂ ਦੱਸਿਆ ਕਿ ਦਾਖ਼ਲਾ ਜਾਗਰੂਕਤਾ ਵੈਨ ਪਹਿਲੇ ਦਿਨ ਖਿਆਲਾ ਕਲਾਂ, ਕੋਟੜਾ ਕਲਾਂ, ਸਮਾਓਾ, ਭੀਖੀ, ਕਿਸ਼ਨਗੜ੍ਹ ਫਰਵਾਹੀ, ਦਲੇਲ ਸਿੰਘ ਵਾਲਾ, ਬੱਪੀਆਣਾ, ਲੱਲੂਆਣਾ, ਸਕੂਲ ਆਫ਼ ਐਮੀਨੈਂਸ ਮਾਨਸਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਮਾਨਸਾ, ਗਾਂਧੀ ਨਗਰ ਮਾਨਸਾ ਅਤੇ ਬੱਸ ਅੱਡਾ ਮਾਨਸਾ ਸਮੇਤ ਹੋਰ ਇਲਾਕਿਆਂ 'ਚ ਜਾਵੇਗੀ |