ਤਲਵੰਡੀ ਸਾਬੋ, 10 ਅਪ੍ਰੈਲ (ਰਣਜੀਤ ਸਿੰਘ ਰਾਜੂ)- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਠਿੰਡਾ (ਦਿਹਾਤੀ) ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਵਲੋਂ ਪਾਰਟੀ ਨੂੰ ਨਿਰੋਲ ਪੇਂਡੂ ਹਲਕਿਆਂ 'ਚ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ 'ਤੇ ਅਧਾਰ ਰੱਖਣ ਵਾਲੇ ਵਰਕਰਾਂ ਨੂੰ ਅਹੁਦੇਦਾਰ ਨਿਯੁਕਤ ਕਰਨ ਦੀ ਆਰੰਭੀ ਲੜੀ ਤਹਿਤ ਦੇਵੀ ਦਿਆਲ ਗੋਇਲ ਨੂੰ ਤਲਵੰਡੀ ਸਾਬੋ ਭਾਜਪਾ ਦਾ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਭਾਜਪਾ ਦੇ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਲੋਕ ਸਭਾ ਹਲਕਾ ਬਠਿੰਡਾ ਦੇ ਕੋਆਰਡੀਨੇਟਰ ਬੀਬਾ ਪਰਮਪਾਲ ਕੌਰ ਸਿੱਧੂ ਨੇ ਦੇਵੀ ਦਿਆਲ ਗੋਇਲ ਨੂੰ ਵਧਾਈ ਦਿੰਦਿਆਂ ਸਨਮਾਨਿਤ ਵੀ ਕੀਤਾ | ਗੁਰਪ੍ਰੀਤ ਮਲੂਕਾ ਨੇ ਕਿਹਾ ਕੇ ਪਾਰਟੀ ਵਲੋਂ ਹਰ ਵਰਗ ਨੂੰ ਨੁਮਾਇੰਦਗੀ ਦੇਣ ਲਈ ਵੱਖ-ਵੱਖ ਵਿੰਗਾਂ 'ਚ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ ਅਤੇ ਅਹੁਦੇਦਾਰਾਂ ਦੀ ਨਿਯੁਕਤੀ ਭਾਜਪਾ ਦੀ ਵਿਚਾਰਧਾਰਾ ਅਨੁਸਾਰ ਨਿਰੋਲ ਮੈਰਿਟ ਦੇ ਅਧਾਰ 'ਤੇ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੀ ਇਕੋ-ਇਕ ਪਾਰਟੀ ਹੈ ਜਿਸ 'ਚ ਪਰਿਵਾਰਵਾਦ ਦੀ ਰਾਜਨੀਤੀ ਲਈ ਕੋਈ ਜਗ੍ਹਾ ਨਹੀਂ ਸਗੋਂ ਸਧਾਰਨ ਵਰਕਰ ਵੀ ਮਿਹਨਤ ਤੇ ਇਮਾਨਦਾਰੀ ਨਾਲ ਸਿਖਰਲੇ ਅਹੁਦੇ ਤੱਕ ਪਹੁੰਚ ਸਕਦਾ ਹੈ | ਇਸ ਮੌਕੇ ਪਰਮਪਾਲ ਕੌਰ ਸਿੱਧੂ ਨੇ ਕਿਹਾ ਕੇ ਭਾਜਪਾ ਸ਼ਹਿਰੀ ਖੇਤਰ ਦੇ ਨਾਲ ਨਾਲ ਪਿੰਡਾਂ 'ਚ ਵੀ ਲਗਾਤਾਰ ਮਜ਼ਬੂਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਭਾਜਪਾ 2027 ਦੀਆਂ ਚੋਣਾਂ ਇਕੱਲਿਆਂ ਲੜੇਗੀ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ | ਉੱਧਰ ਨਵਨਿਯੁਕਤ ਮੰਡਲ ਪ੍ਰਧਾਨ ਦੇਵੀ ਦਿਆਲ ਗੋਇਲ ਨੇ ਪਾਰਟੀ ਦੀ ਸੂਬਾ ਪੱਧਰੀ ਸੀਨੀਅਰ ਲੀਡਰਸ਼ਿਪ, ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਪਰਮਪਾਲ ਕੌਰ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕੇ ਬਠਿੰਡਾ ਜ਼ਿਲ੍ਹੇ 'ਚ ਮਜ਼ਬੂਤ ਅਧਾਰ 'ਤੇ ਸਿਆਸੀ ਪੈਠ ਰੱਖਣ ਵਾਲੇ ਗੁਰਪ੍ਰੀਤ ਸਿੰਘ ਮਲੂਕਾ ਦੇ ਜ਼ਿਲ੍ਹਾ ਪ੍ਰਧਾਨ ਬਣਨ ਤੋਂ ਬਾਅਦ ਭਾਜਪਾ ਨੂੰ ਪੇਂਡੂ ਖੇਤਰ 'ਚ ਭਰਵਾਂ ਹੁੰਗਾਰਾ ਮਿਲ ਰਿਹੈ | ਉਨ੍ਹਾਂ ਕਿਹਾ ਕਿ ਉਹ ਤਲਵੰਡੀ ਸਾਬੋ ਖੇਤਰ 'ਚ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਯਤਨ ਕਰਨਗੇ | ਇਸ ਮੌਕੇ ਮਹਿਲਾ ਮੋਰਚਾ ਪ੍ਰਧਾਨ ਸੁਖਵਿੰਦਰ ਕੌਰ ਸ਼ੇਰਗੜ੍ਹ, ਕਿਸਾਨ ਵਿੰਗ ਪ੍ਰਧਾਨ ਬੂਟਾ ਭਾਈਰੂਪਾ, ਯੁਵਾ ਮੋਰਚਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ, ਐਸ.ਸੀ ਵਿੰਗ ਪ੍ਰਧਾਨ ਸਵਰਨ ਸਿੰਘ, ਜਰਨਲ ਸਕੱਤਰ ਮੇਜਰ ਸਿੰਘ ਬਰਾੜ, ਕਮਰਪਾਲ ਭੁੱਲਰ, ਗੁਰਜੀਤ ਸਿੰਘ ਗੋਰਾ ਦਿਉਣ ਆਦਿ ਵੀ ਮੌਜੂਦ ਸਨ |