ਵਡਾਲਾ ਕਾਲੋਨੀ ਦੇ ਵਾਸੀਆਂ ਵਲੋਂ ਕਾਲੋਨੀ ਨੇੜੇ ਕੂੜੇ ਦਾ ਡੰਪ ਬਣਾਉਣ ਖ਼ਿਲਾਫ਼ ਰੋਸ ਵਿਖਾਵਾ
ਅਜੀਤ ਡੈਸਕ
01-01-2026
• ਡੰਪ ਬਣਨ ਦਾ ਕੰਮ ਬੰਦ ਨਾ ਹੋਣ 'ਤੇ ਕਾਲੋਨੀ ਵਾਸੀਆਂ ਵਲੋਂ ਸੰਘਰਸ਼ ਛੇੜਣ ਦੀ ਚਿਤਾਵਨੀ
ਕਪੂਰਥਲਾ, 31 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਵਡਾਲਾ ਕਲਾਂ ਕਾਲੋਨੀ ਦੇ ਵਾਸੀਆਂ ਨੇ ਪਿੰਡ ਦੀ ਪੰਚਾਇਤ ਵਲੋਂ ਕਾਲੋਨੀ ਦੇ ਨੇੜੇ ਕੂੜੇ ਦਾ ਡੰਪ ਬਣਾਉਣ ਦੇ ਮਾਮਲੇ ਨੂੰ ਲੈ ਕੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਰੋਸ ਵਿਖਾਵਾ ਕੀਤਾ | ਬਾਅਦ ਵਿਚ ਪਿੰਡ ਦੇ ਸਾਬਕਾ ਸਰਪੰਚ ਸ਼ਸ਼ੀਪਾਲ, ਬਲਬੀਰ ਸਿੰਘ ਤੇ ਸਤਨਾਮ ਸਿੰਘ ਵਡਾਲਾ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਨਾਂਅ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਸ਼ਿਖਾ ਭਗਤ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਕੂੜੇ ਦਾ ਡੰਪ ਕਿਸੇ ਹੋਰ ਢੁਕਵੀਂ ਜਗ੍ਹਾ 'ਤੇ ਬਣਾਇਆ ਜਾਵੇ | ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਵਧੀਕ ਡਿਪਟੀ ਕਮਿਸ਼ਨਰ ਨੇ ਕਾਲੋਨੀ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ 7 ਦਿਨ ਦਾ ਸਮਾਂ ਦਿੱਤਾ ਜਾਵੇ, ਉਹ ਇਸ ਮਾਮਲੇ ਦਾ ਢੁਕਵਾਂ ਹੱਲ ਕਰਨ ਲਈ ਹਰ ਸੰਭਵ ਯਤਨ ਕਰਨਗੇ | ਇਨ੍ਹਾਂ ਆਗੂਆਂ ਨੇ ਕਿਹਾ ਕਿ ਵਡਾਲਾ ਕਾਲੋਨੀ ਵਿਚ ਸਭ ਤੋਂ ਵੱਧ ਐਸ.ਸੀ. ਭਾਈਚਾਰੇ ਦੇ ਲੋਕ ਰਹਿੰਦੇ ਹਨ ਤੇ ਪੰਚਾਇਤ ਵਲੋਂ ਕੂੜੇ ਦਾ ਡੰਪ ਬਣਾਉਣ ਲਈ ਕਾਲੋਨੀ ਨੇੜੇ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਐਸ.ਸੀ. ਭਾਈਚਾਰੇ ਨਾਲ ਬਿਨਾਂ ਕਿਸੇ ਸਲਾਹ ਮਸ਼ਵਰੇ ਦੇ ਕੂੜੇ ਦਾ ਡੰਪ ਬਣਾਉਣ ਦੇ ਮਾਮਲੇ ਨੂੰ ਲੈ ਕੇ ਕਾਲੋਨੀ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ | ਸ਼ਸ਼ੀਪਾਲ ਸਿੰਘ, ਬਲਬੀਰ ਸਿੰਘ ਤੇ ਸਤਨਾਮ ਸਿੰਘ ਵਡਾਲਾ ਨੇ ਦੱਸਿਆ ਕਿ ਜਿਸ ਜਗ੍ਹਾ 'ਤੇ ਕੂੜੇ ਦਾ ਡੰਪ ਬਣ ਰਿਹਾ ਹੈ, ਉਸ ਦੇ ਨੇੜੇ ਡਿਸਪੈਂਸਰੀ ਤੇ ਥੋੜ੍ਹਾ ਅੱਗੇ ਜਾ ਕੇ ਸਰਕਾਰੀ ਸਕੂਲ ਤੇ ਬਾਬਾ ਤੜਾਗੀਆਂਵਾਲਾ ਦਾ ਗੁਰਦੁਆਰਾ ਸਾਹਿਬ ਸਥਿਤ ਹੈ | ਇਸ ਸਭ ਕੁੱਝ ਨੂੰ ਅਣਗੌਲਿਆ ਕਰਕੇ ਪੰਚਾਇਤ ਇੱਥੇ ਕੂੜੇ ਦਾ ਡੰਪ ਬਣਵਾ ਰਹੀ ਹੈ, ਜਿਸ ਕਾਰਨ ਕਾਲੋਨੀ ਦੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਕਿਹਾ ਕਿ ਇੱਥੋਂ ਅੱਗੇ ਜਾ ਕੇ ਨਜ਼ੂਲਲੈਂਡ ਜ਼ਮੀਨ ਪਈ ਹੈ ਤੇ ਉੱਥੇ ਵੀ ਇਹ ਡੰਪ ਬਣਾਇਆ ਜਾ ਸਕਦਾ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਕਾਲੋਨੀ ਨੇੜੇ ਬਣ ਰਹੇ ਕੂੜੇ ਦੇ ਡੰਪ ਦਾ ਕੰਮ ਬੰਦ ਕਰਕੇ ਇਹ ਡੰਪ ਕਿਸੇ ਹੋਰ ਢੁਕਵੀਂ ਜਗ੍ਹਾ 'ਤੇ ਬਣਵਾਇਆ ਜਾਵੇ | ਕਾਲੋਨੀ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਕਾਲੋਨੀ ਵਾਸੀ ਐਸ.ਸੀ. ਸਮਾਜ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਤੇ ਪਿੰਡ ਦੀ ਪੰਚਾਇਤ ਦੀ ਹੋਵੇਗੀ | ਇਸ ਮੌਕੇ ਨਰੇਸ਼ ਕੁਮਾਰ, ਸੁਖਜੀਤ ਸਿੰਘ, ਹਰਪ੍ਰੀਤ ਸਿੰਘ, ਸਤਪਾਲ ਸਿੰਘ, ਅਰਸ਼, ਬਲਜੀਤ ਕੌਰ, ਮਨਜੀਤ ਕੌਰ, ਬਲਦੇਵ ਸਿੰਘ, ਰਾਜਵੀਰ, ਪਿੰਕੀ, ਬਲਵੀਰ ਸਿੰਘ, ਅਰਸ਼ਦੀਪ, ਆਕਾਸ਼, ਕਮਲਜੀਤ, ਸੰਤੋਸ਼, ਹਰਬੰਸ ਲਾਲ, ਸੁਖਵਿੰਦਰ ਸਿੰਘ, ਗੁਰਨਾਮ ਸਿੰਘ, ਹਰਪ੍ਰੀਤ ਕੌਰ, ਤਰਲੋਕ ਲਾਲ, ਹਰਪਿੰਦਰ ਕੌਰ, ਲਲਿਤਾ ਦੇਵੀ, ਹਰਿਕੇਸ਼, ਸ਼ਹਿਨਾਜਪ੍ਰੀਤ ਕੌਰ, ਸੁਨੀਤਾ ਰਾਣੀ, ਜਸਵਿੰਦਰ ਕੌਰ, ਜਗਜੀਤ ਕੌਰ, ਮਨਿੰਦਰ ਕੌਰ, ਸੁਰਿੰਦਰ ਕੌਰ, ਰਜਿੰਦਰ ਸਿੰਘ, ਸਤਨਾਮ ਸਿੰਘ, ਸਿਮਰਨ, ਗੌਰਵ, ਪਰਮਜੀਤ ਕੌਰ, ਸ਼ਸ਼ੀਪਾਲ, ਮਨਜੀਤ ਸਿੰਘ, ਟੋਨੀ, ਰਾਣੀ, ਨਿਸ਼ਾ, ਅਮਨਦੀਪ ਕੌਰ, ਬਲਵਿੰਦਰ ਕੌਰ, ਮਾਨਸੀ, ਰਜਵੰਤ ਕੌਰ, ਅਮਨਪ੍ਰੀਤ ਕੌਰ, ਲਵਪ੍ਰੀਤ ਸਿੰਘ, ਲਾਲੀ, ਬਲਵੀਰ ਕੌਰ, ਸੁਰਜੀਤ ਸਿੰਘ, ਮਹਿੰਦਰ ਸਿੰਘ, ਬਲਵੀਰ ਸਿੰਘ, ਸੰਦੀਪ ਸਿੰਘ, ਸੁਰਜੀਤ ਕੌਰ, ਪ੍ਰਭਜੀਤ ਕੌਰ ਆਦਿ ਹਾਜ਼ਰ ਸਨ |