ਪੁੱਡਾ ਦਾ ਚਮਤਕਾਰ, ਪਹਿਲਾਂ ਕਾਲੋਨੀ ਕੀਤੀ ਅਣ ਅਧਿਕਾਰਤ ਘੋਸ਼ਿਤ, ਕੁਝ ਦਿਨਾਂ 'ਚ ਹੋ ਗਈ ਜਾਇਜ਼ ਕਰਾਰ
ਅਜੀਤ ਡੈਸਕ
01-01-2026
ਹੁਸੈਨਪੁਰ, 31 ਦਸੰਬਰ (ਤਰਲੋਚਨ ਸਿੰਘ ਸੋਢੀ)-ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਉੱਪਰ ਇਸੇ ਮਹੀਨੇ ਦਸੰਬਰ ਵਿਚ ਕੱਟੀ ਗਈ ਨਾਜਾਇਜ਼ ਕਾਲੋਨੀ ਨੂੰ ਅਣ ਅਧਿਕਾਰਤ ਘੋਸ਼ਿਤ ਕਰਦਿਆਂ ਪੁੱਡਾ ਕਪੂਰਥਲਾ ਵਲੋਂ 6-7 ਦਸੰਬਰ ਨੂੰ ਨਜਾਇਜ਼ ਕਲੋਨੀ ਦਰਸਾਉਂਦਾ ਚਿਤਾਵਨੀ ਬੋਰਡ ਉਕਤ ਕਾਲੋਨੀ ਵਿਚ ਲਗਾਇਆ ਗਿਆ ਪਰ ਦੂਸਰੇ ਦਿਨ ਹੀ ਕਲੋਨੀ 'ਚੋਂ ਬੋਰਡ ਪੱਟਣ ਤੇ ਵਿਭਾਗ ਵਲੋਂ ਕੋਈ ਕਾਰਵਾਈ ਨਾ ਕਰਨਾ ਪੁੱਡਾ ਕਪੂਰਥਲਾ ਦੀ ਕਥਿਤ ਤੌਰ ਤੇ ਮਿਲੀ ਭੁਗਤ ਦਰਸਾਉਂਦਾ ਹੈ | ਜ਼ਿਕਰਯੋਗ ਹੈ ਕਿ 6-7 ਦਸੰਬਰ ਨੂੰ ਪੁੱਡਾ ਕਪੂਰਥਲਾ ਵਲੋਂ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਖੇ ਕਾਰਗਿਲ ਸ਼ਹੀਦ ਬਲਦੇਵ ਸਿੰਘ ਪੈਟਰੋਲ ਪੰਪ ਦੇ ਸਾਹਮਣੇ ਕੱਟੀ ਗਈ ਨਾਜਾਇਜ਼ ਕਾਲੋਨੀ ਨੂੰ ਅਣ ਅਧਿਕਾਰਤ ਘੋਸ਼ਿਤ ਕਰਦਿਆਂ ਪੁੱਡਾ ਦੇ ਐਸ. ਡੀ. ਓ. ਰਵੀ ਸ਼ੇਰ ਸਿੰਘ ਵਲੋਂ ਚਿਤਾਵਨੀ ਬੋਰਡ ਲਗਾਉਣ ਦੀ ਪੁਸ਼ਟੀ ਕਰਦਿਆਂ ਰੋਜ਼ਾਨਾ ਅਜੀਤ ਅਖ਼ਬਾਰ ਵਿਚ ਖ਼ਬਰ ਵੀ ਪ੍ਰਕਾਸ਼ਿਤ ਕਰਵਾਈ ਗਈ | ਜਿਸ ਵਿਚ ਪੁੱਡਾ ਵਲੋਂ ਜਿੱਥੇ ਉਕਤ ਕਲੋਨੀ ਨੂੰ ਅਣ ਅਧਿਕਾਰਤ ਘੋਸ਼ਿਤ ਕੀਤਾ ਬੋਰਡ ਲਗਾਇਆ ਗਿਆ ਉੱਥੇ ਉਕਤ ਬੋਰਡ ਨਾਲ ਕਿਸੇ ਵੀ ਤਰਾਂ ਦੀ ਛੇੜਖ਼ਾਨੀ ਕਰਨ ਤੇ ਸਖ਼ਤ ਕਾਰਵਾਈ ਕਰਨ ਬਾਰੇ ਵੀ ਬੋਰਡ ਉੱਪਰ ਸਖ਼ਤੀ ਨਾਲ ਲਿਖਿਆ ਵੀ ਗਿਆ ਸੀ | ਪਰ ਉਕਤ ਅਣ ਅਧਿਕਾਰਤ ਕਲੋਨੀ ਦਰਸਾਉਂਦਾ ਬੋਰਡ ਦੂਸਰੇ ਤੀਸਰੇ ਦਿਨ ਹੀ ਪੱਟ ਦੇਣ ਤੇ ਪੁੱਡਾ ਕਪੂਰਥਲਾ ਵਲੋਂ ਅੱਜ ਤੱਕ ਕੋਈ ਕਾਰਵਾਈ ਨਾ ਕਰਨਾ ਪੁੱਡਾ ਕਪੂਰਥਲਾ ਦੀ ਮਿਲੀ ਭੁਗਤ ਹੋਣ ਦੀ ਕਥਿਤ ਤੌਰ ਤੇ ਗਵਾਹੀ ਭਰਦਾ ਹੈ | ਇਸ ਸਬੰਧੀ ਵਾਰ-ਵਾਰ ਸੰਪਰਕ ਕਰਨ ਤੇ ਰਾਧਿਕਾ ਅਰੋੜਾ ਡੀ. ਟੀ. ਪੀ. ਕਪੂਰਥਲਾ ਨੇ ਫ਼ੋਨ ਨਹੀਂ ਚੁੱਕਿਆ ਜਦ ਕਿ ਇਹ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਉਹ ਕਦੇ ਵੀ ਕਿਸੇ ਪੱਤਰਕਾਰ ਜਾਂ ਆਮ ਲੋਕਾਂ ਦਾ ਫ਼ੋਨ ਨਹੀਂ ਚੁੱਕਦੇ | ਦੂਸਰੇ ਪਾਸੇ ਜਦੋਂ ਐਸ. ਡੀ. ਓ. ਰਵੀ ਸ਼ੇਰ ਸਿੰਘ ਅਤੇ ਏ. ਡੀ. ਸੀ. ਨਵਨੀਤ ਕੌਰ ਬੱਲ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਵੀ ਫ਼ੋਨ ਨਹੀਂ ਚੁੱਕਿਆ |