ਨਡਾਲਾ, 22 ਫਰਵਰੀ (ਰਘਬਿੰਦਰ ਸਿੰਘ)- ਮੰਡੀਆਂ ਅਤੇ ਲੋਕਾਂ ਦੇ ਘਰਾਂ ਵਿਚੋਂ ਕਣਕ ਚੋਰੀ ਦੀਆਂ ਖ਼ਬਰਾਂ ਤਾਂ ਬਹੁਤ ਸੁਣਨ ਨੂੰ ਮਿਲਦੀਆਂ ਸਨ ਪਰ ਖੇਤਾਂ ਵਿੱਚ ਖੜੀ ਹਰੀ ਕਣਕ ਨੂੰ ਹੀ ਕੋਈ ਚੋਰ ਵੱਢ ਕੇ ਲੈ ਗਿਆ ਹੋਵੇ ਅਜਿਹਾ ਪਹਿਲੀ ਵਾਰੀ ਸੁਣਨ ਨੂੰ ਮਿਲਿਆ ਹੈ | ਇਸ ਤਾਜ਼ੇ ਮਾਮਲੇ ਵਿੱਚ ਤਲਵੰਡੀ ਪੁਰਦਲ ਰੋਡ 'ਤੇ ਇਕ ਕਿਸਾਨ ਦੀ ਖੇਤ ਵਿਚੋਂ ਹਰੀ ਕਣਕ ਚੋਰੀ ਹੋਣ ਦੀ ਖ਼ਬਰ ਮਿਲੀ ਹੈ | ਕਿਸਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੀ ਫ਼ਸਲ ਦੀ ਦੇਖਭਾਲ ਲਈ ਖੇਤ ਦਾ ਦੌਰਾ ਕੀਤਾ ਤਾਂ ਕਣਕ ਦਾ ਕੁਝ ਹਿੱਸਾ ਕੱਟਿਆ ਹੋਇਆ ਮਿਲਿਆ | ਕਿਸਾਨ ਨੇ ਦੱਸਿਆ ਕਿ ਉਸ ਦੀ ਉਮਰ ਬੀਤ ਚੱਲੀ ਹੈ ਖੇਤੀ ਕਰਦਿਆਂ ਦੀ ਪਰ ਅਜਿਹਾ ਉਸ ਨੂੰ ਪਹਿਲੀ ਵਾਰ ਦੇਖਣਾ ਪਿਆ ਹੈ ਕਿ ਫ਼ਸਲ ਜੋ ਕਿ ਹੁਣ ਕੁਝ ਹੀ ਸਮੇਂ ਬਾਅਦ ਕੱਟ ਕੇ ਮੰਡੀ ਵਿੱਚ ਜਾਣੀ ਹੈ, ਨੂੰ ਕੋਈ ਸ਼ਰਾਰਤੀ ਅਨਸਰ ਚੋਰੀ ਕਰਕੇ ਲੈ ਗਿਆ ਹੈ |