ਫਗਵਾੜਾ, 5 ਮਾਰਚ (ਹਰਜੋਤ ਸਿੰਘ ਚਾਨਾ)-ਸਦਰ ਪੁਲਿਸ ਨੇ ਇੱਕ ਟਰੈਵਲ ਏਜੰਟ ਸਣੇ ਦੋ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਕਰਨ ਸਬੰਧੀ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਤਰਸੇਮ ਲਾਲ ਪੁੱਤਰ ਮੀਤ ਰਾਮ ਨਿਵਾਸੀ ਨੰਗਲ ਮੱਝਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਕਮਲ ਤੁਰਾ ਨੂੰ ਇਟਲੀ ਭੇਜਣ ਲਈ ਗੁਰਜੀਤ ਸਿੰਘ ਪੁੱਤਰ ਜੀਵਨ ਸਿੰਘ ਨਿਵਾਸੀ ਕੋਟਲੀ ਲਖਨਵਾਲ ਖ਼ੁਰਦ ਮਾਛੀਵਾੜਾ ਜ਼ਿਲ੍ਹਾ ਲੁਧਿਆਣਾ ਨਾਲ 10 ਲੱਖ ਰੁਪਏ 'ਚ ਗੱਲਬਾਤ ਕੀਤੀ ਸੀ | ਤਰਸੇਮ ਲਾਲ ਦੇ ਮੁਤਾਬਿਕ ਜਦੋਂ ਗੁਰਜੀਤ ਸਿੰਘ ਉਸ ਦੇ ਪੁੱਤਰ ਨੂੰ ਵਿਦੇਸ਼ ਨਹੀਂ ਭੇਜ ਸਕਿਆ ਤਾਂ ਉਸ ਨੇ ਆਪਣੇ 10 ਲੱਖ ਰੁਪਏ ਵਾਪਸ ਮੰਗੇ | ਇਸ 'ਤੇ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਰਕਮ ਉਸ ਦੇ ਪੁੱਤਰ ਕਮਲ ਤੁਰਾ ਨੂੰ ਵਾਪਸ ਕਰ ਚੁੱਕਾ ਹੈ | ਤਰਸੇਮ ਲਾਲ ਨੇ ਦੋਸ਼ ਲਗਾਇਆ ਕਿ ਉਸ ਦਾ ਪੁੱਤਰ ਕਮਲ ਤੁਰਾ ਟਰੈਵਲ ਏਜੰਟ ਗੁਰਜੀਤ ਸਿੰਘ ਨਾਲ ਮਿਲਿਆ ਹੋਇਆ ਹੈ ਤੇ ਦੋਹਾਂ ਨੇ ਮਿਲ ਕੇ ਉਸ ਦੇ ਪੈਸੇ ਹੜੱਪ ਲਏ ਹਨ | ਥਾਣੇਦਾਰ ਬਿੰਦਰ ਕੁਮਾਰ ਨੇ ਦੱਸਿਆ ਕਿ ਤਰਸੇਮ ਲਾਲ ਦੀ ਸ਼ਿਕਾਇਤ ਦੇ ਆਧਾਰ 'ਤੇ ਟਰੈਵਲ ਏਜੰਟ ਗੁਰਜੀਤ ਸਿੰਘ ਪੁੱਤਰ ਜੀਵਨ ਸਿੰਘ ਨਿਵਾਸੀ ਕੋਟਲੀ ਲਖਨਵਾਲ ਖ਼ੁਰਦ, ਮਾਛੀਵਾੜਾ ਤੇ ਕਮਲ ਤੁਰਾ ਪੁੱਤਰ ਤਰਸੇਮ ਲਾਲ ਨਿਵਾਸੀ ਨੰਗਲ ਮੱਝਾਂ ਖ਼ਿਲਾਫ਼ ਧਾਰਾ 420 ਤੇ 406 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ |