ਕਪੂਰਥਲਾ, 5 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿਚ ਕੀਤੀਆਂ ਜਾ ਰਹੀਆਂ ਰੈਲੀਆਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਵਿਚ ਵੱਡਾ ਉਭਾਰ ਆਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਦੇ ਮੈਂਬਰ ਜਗਜੀਤ ਸਿੰਘ ਸ਼ੰਮੀ ਨੇ ਇਕ ਬਿਆਨ ਵਿਚ ਕੀਤਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਤੇ ਸਰਕਾਰ ਆਪਣੇ ਚਾਰ ਵਰਿ੍ਹਆਂ ਦੇ ਰਾਜ ਦੌਰਾਨ ਇਹ ਵਾਅਦੇ ਪੂਰੇ ਕਰਨ ਵਿਚ ਨਕਾਮ ਰਹੀ ਹੈ | ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਅਮਨ ਕਾਨੂੰਨੀ ਦੀ ਸਥਿਤੀ ਦਾ ਸਵਾਲ ਹੈ ਉੱਥੇ ਰਾਜ ਵਿਚ ਲੁੱਟ-ਖੋਹ, ਫਿਰੌਤੀਆਂ, ਕਤਲਾਂ ਆਦਿ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਵਿਚ ਡਰ ਦਾ ਮਾਹੌਲ ਹੈ | ਅਕਾਲੀ ਆਗੂ ਨੇ ਕਿਹਾ ਕਿ ਰਾਜ ਵਿਚ ਨਸ਼ਿਆਂ ਦਾ ਰੁਝਾਨ, ਗੈਂਗਸਟਰਵਾਦ ਵਿਚ ਦਿਨ ਬਾ ਦਿਨ ਵਾਧਾ ਹੋ ਰਿਹਾ ਹੈ ਤੇ ਸਰਕਾਰ ਸਭ ਕੁੱਝ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ | ਉਨ੍ਹਾਂ ਕਿਹਾ ਕਿ ਲੋਕ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਸੱਤਾ ਵਿਚ ਲਿਆਉਣ ਤਾਂ ਰਾਜ ਵਿਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਹੋ ਸਕੇ |