ਕਪੂਰਥਲਾ, 5 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਐਗ੍ਰੀਸਟੈਕ ਫਾਰਮਰ ਰਜਿਸਟਰੀ ਤਹਿਤ ਕਿਸਾਨ ਆਈ.ਡੀ. ਤਿਆਰ ਕਰਨ ਦੀ ਪ੍ਰਕਿਰਿਆ ਇਸ ਸਮੇਂ ਜ਼ਿਲੇ੍ਹ ਵਿਚ ਚੱਲ ਰਹੀ ਹੈ | ਇਸ ਲਈ ਸਮੂਹ ਕਿਸਾਨ ਵੀਰ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ (ਪੀ.ਐਮ-ਕਿਸਾਨ) ਯੋਜਨਾ ਦਾ ਲਾਭ ਲੈਣ ਲਈ ਫਾਰਮਰ ਆਈ.ਡੀ. ਦਾ ਪੀ.ਐਮ.-ਕਿਸਾਨ ਡਾਟਾ ਬੇਸ ਨਾਲ ਸੀਡਿੰਗ ਕਰਨਾ ਲਾਜ਼ਮੀ ਬਣਾਉਣ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬਲਕਾਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਨੇ ਦੱਸਿਆ ਕਿ ਸਿਰਫ਼ ਉਹ ਹੀ ਕਿਸਾਨ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਣਗੇ ਜਿਨ੍ਹਾਂ ਦੀ ਫਾਰਮਰ ਆਈ.ਡੀ. ਤਿਆਰ ਹੋ ਚੁੱਕੀ ਹੋਵੇਗੀ ਤੇ ਉਹ ਪੀ.ਐਮ.-ਕਿਸਾਨ ਡਾਟਾ ਬੇਸ ਨਾਲ ਜੋੜੀ ਹੋਵੇਗੀ | ਉਨ੍ਹਾਂ ਕਿਹਾ ਕਿ ਫਾਰਮਰ ਆਈ.ਡੀ. ਬਣਾਉਣ ਦਾ ਕੰਮ ਕਾਮਨ ਸਰਵਿਸ ਸੈਂਟਰਾਂ (ਸੀ.ਐਸ.ਸੀ.) ਰਾਹੀਂ ਤੇ ਪਿੰਡ ਪੱਧਰ 'ਤੇ ਇਹ ਕੰਮ ਵਿਲੇਜ ਲੈਵਲ ਇੰਟਰਪਿ੍ਨਿਊਰ (ਵੀ.ਐਲ.ਈ.) ਵਲੋਂ ਕੀਤਾ ਜਾ ਰਿਹਾ ਹੈ | ਇਸ ਲਈ ਕਿਸਾਨ ਆਪਣੇ ਨੇੜਲੇ ਕਾਮਨ ਸੈਂਟਰ ਵਿਚ ਜਾ ਕੇ ਜ਼ਰੂਰੀ ਦਸਤਾਵੇਜ਼ਾਂ ਨਾਲ ਆਪਣੀ ਫਾਰਮ ਆਈ.ਡੀ. ਬਣਾ ਸਕਦੇ ਹਨ | ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਆਪਣੀ ਫਾਰਮ ਆਈ.ਡੀ. ਬਣਾ ਲੈਣ ਤਾਂ ਜੋ ਭਵਿੱਖ ਵਿਚ ਕਿਸੇ ਵੀ ਸਰਕਾਰੀ ਯੋਜਨਾ, ਖਾਸ ਕਰਕੇ ਪੀ.ਐਮ.-ਕਿਸਾਨ ਯੋਜਨ ਤੋਂ ਵਾਂਝੇ ਨਾ ਰਹਿਣ |