ਕਪੂਰਥਲਾ, 9 ਮਾਰਚ (ਅਮਨਜੋਤ ਸਿੰਘ ਵਾਲੀਆ)-ਰੇਲਵੇ ਸਟੇਸ਼ਨ ਕਪੂਰਥਲਾ ਵਿਖੇ ਇਕ ਪ੍ਰਵਾਸੀ ਵਿਅਕਤੀ ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ | ਇਸ ਸੰਬੰਧੀ ਸਿਵਲ ਹਸਪਤਾਲ ਕਪੂਰਥਲਾ ਵਿਖੇ ਜ਼ੇਰੇ ਇਲਾਜ ਮਿਥਲੇਸ਼ ਯਾਦਵ ਪੁੱਤਰ ਬੁੱਕਤ ਯਾਦਵ ਵਾਸੀ ਔਜਲਾ ਫਾਟਕ ਜੱਗੂ ਸ਼ਾਹ ਡੇਰਾ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਨਾਲ ਘਰੇਲੂ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਰੇਲਵੇ ਸਟੇਸ਼ਨ ਦੇ ਬਿਜਲੀ ਟਾਵਰ 'ਤੇ ਚੜ੍ਹ ਗਿਆ, ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ ਤੇ ਉਹ ਬੁਰੀ ਤਰ੍ਹਾਂ ਝੁਲਸ ਗਿਆ ਤੇ ਹੇਠਾਂ ਡਿਗ ਕੇ ਜ਼ਖ਼ਮੀ ਹੋ ਗਿਆ | ਜਿਸ ਨੂੰ ਰੇਲਵੇ ਪੁਲਿਸ ਦੇ ਏ. ਐਸ. ਆਈ. ਸ਼ਕੀਲ ਮੁਹੰਮਦ ਵਲੋਂ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ, ਜਿਥੇ ਡਿਊਟੀ ਡਾਕਟਰ ਸ਼ੈਲਜਾ ਵਲੋਂ ਉਸ ਦਾ ਇਲਾਜ ਜਾਰੀ ਹੈ | ਇਸ ਸੰਬੰਧੀ ਸੰਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਡਾ. ਸ਼ੈਲਜਾ ਨੇ ਦੱਸਿਆ ਕਿ ਮਿਥਲੇਸ਼ ਯਾਦਵ ਲਗਪਗ 40 ਫੀਸਦੀ ਝੁਲਸ ਚੁੱਕਾ ਹੈ ਤੇ ਇਕ ਲੱਤ ਟੁੱਟ ਗਈ ਹੈ | ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਉਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਮੈਡੀਕਲ ਕਾਲਜ ਅੰਮਿ੍ਤਸਰ ਵਿਖੇ ਭੇਜ ਦਿੱਤਾ ਗਿਆ ਹੈ |