ਫਗਵਾੜਾ, 9 ਮਾਰਚ (ਹਰਜੋਤ ਸਿੰਘ ਚਾਨਾ)-ਕਿਸਾਨ ਮੋਰਚਾ ਗੈਰ ਸਿਆਸੀ ਭਾਰਤ ਵਲੋਂ ਕੌਮੀ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਕੱਢੀ ਜਾ ਰਹੀ ਕਿਸਾਨ ਜਾਗਰੂਕਤਾ ਯਾਤਰਾ ਦਾ ਫਗਵਾੜਾ ਪੁੱਜਣ 'ਤੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਸ਼ੂਗਰ ਮਿਲ ਚੌਕ ਜੀ. ਟੀ. ਰੋਡ ਵਿਖੇ ਸਵਾਗਤ ਕੀਤਾ | ਇਸ ਦੌਰਾਨ ਜਗਜੀਤ ਸਿੰਘ ਡੱਲੇਵਾਲ, ਅਭਿਮਨਿਯੂ ਕੋਹਾੜ, ਸਤਨਾਮ ਸਿੰਘ ਬਹਿਰੂ, ਜਸਵੀਰ ਸਿੰਘ ਸਿੱਧੂਪੁਰ, ਅਰੁਣ ਪਟੇਲ ਮੱਧ ਪ੍ਰਦੇਸ਼, ਰਾਜਵੀਰ ਸਿੰਘ ਯੂ. ਪੀ., ਸੋਨਵੀਰ ਚੌਧਰੀ ਯੂ. ਪੀ., ਨਿਤਿਨ ਬਲਿਆਨ ਯੂ. ਪੀ., ਇੰਦਰਜੀਤ ਪੰਨੀਵਾਲਾ ਰਾਜਸਥਾਨ ਤੇ ਹਰਸ਼ਦੀਪ ਸਿੰਘ ਹਰਿਆਣਾ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਵਿਚਾਲੇ ਹੋਣ ਵਾਲਾ ਮੁਕਤ ਵਪਾਰਕ ਸਮਝੌਤਾ ਭਾਰਤ ਦੇ ਕਿਸਾਨਾਂ ਤੇ ਖੇਤੀਬਾੜੀ ਉੱਪਰ ਵੱਡਾ ਹਮਲਾ ਹੈ, ਜਿਸ ਦਾ ਸਮੂਹ ਕਿਸਾਨਾਂ ਨੂੰ ਮਿਲ ਕੇ ਮੁਕਾਬਲਾ ਕਰਨਾ ਪਵੇਗਾ | ਉਨ੍ਹਾਂ ਦੱਸਿਆ ਕਿ ਇਹ ਕਿਸਾਨ ਯਾਤਰਾ 7 ਫਰਵਰੀ ਨੂੰ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਸੀ ਤੇ ਕਿਸਾਨ ਯਾਤਰਾ ਨੂੰ ਸਾਰੇ ਰਾਜਾਂ 'ਚ ਵੱਡੀ ਪੱਧਰ 'ਤੇ ਜਨਤਕ ਸਮਰਥਨ ਮਿਲਿਆ ਹੈ | ਉਨ੍ਹਾਂ ਭਰੋਸਾ ਜਤਾਇਆ ਕਿ 19 ਮਾਰਚ ਨੂੰ ਦੇਸ਼ ਭਰ ਤੋਂ ਲੱਖਾਂ ਕਿਸਾਨ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਪਹੁੰਚ ਕੇ ਭਾਰਤ ਸਰਕਾਰ ਉੱਪਰ ਖੇਤੀਬਾੜੀ, ਡੇਅਰੀ ਤੇ ਪੋਲਟਰੀ ਸੈਕਟਰ ਨੂੰ ਇਸ ਮੁਕਤ ਵਪਾਰ ਸਮਝੌਤੇ ਤੋਂ ਬਾਹਰ ਰੱਖਣ ਲਈ ਜ਼ਰੂਰੀ ਦਬਾਅ ਬਣਾਉਣ ਵਿਚ ਸਫਲ ਹੋਣਗੇ | ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ, ਹਰਭਜਨ ਸਿੰਘ ਬਾਜਵਾ ਮਲਕਪੁਰ, ਸਤਨਾਮ ਸਿੰਘ ਸੇਖੋਂ, ਮਨਜੀਤ ਸਿੰਘ ਖ਼ਾਲਸਾ, ਰਾਜਿੰਦਰ ਸਿੰਘ ਖੁਨਖੁਨ ਮਾਨਾਵਾਲੀ ਅਤੇ ਦਲਵਿੰਦਰ ਸਿੰਘ ਚੱਕ ਮੰਡੇਰ ਨੇ ਕਿਹਾ ਕਿ ਉਨ੍ਹਾਂ ਦੀਆਂ ਕਾਫ਼ੀ ਮੰਗਾਂ ਬਕਾਇਆ ਹਨ | ਉਨ੍ਹਾਂ ਕਿਹਾ ਕਿ 19 ਮਾਰਚ ਨੂੰ ਭਾਰਤੀ ਕਿਸਾਨ ਯੂਨੀਅਨ ਦੋਆਬਾ ਦਾ ਵੱਡਾ ਜਥਾ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਪਹੁੰਚੇਗਾ | ਇਸ ਮੌਕੇ ਬਲਦੇਵ ਸਿੰਘ ਸਿਰਸਾ, ਹਰਸੁਲਿੰਦਰ ਸਿੰਘ ਢਿੱਲੋਂ, ਅਮਰਜੀਤ ਸਿੰਘ ਰੜਾ, ਸਤਨਾਮ ਸਿੰਘ ਬਾਗੜੀਆਂ, ਸੋਨੰੂ ਅÏਲਖ, ਮਨਪ੍ਰੀਤ ਬਾਠ, ਸੁਖਪਾਲ ਸਿੰਘ ਡੱਫਰ, ਬਾਬਾ ਕੰਵਲਜੀਤ ਸਿੰਘ, ਮੱਖਣ ਸਿੰਘ, ਦਿਲਬਾਗ ਸਿੰਘ, ਸੁਰਿੰਦਰ ਸਿੰਘ ਕਾਹਲੋਂ, ਕੁਲਵੀਰ ਸਿੰਘ ਰਸੂਲਪੁਰ, ਜਤਿੰਦਰ ਪਾਲ ਸਿੰਘ ਪਲਾਹੀ, ਸੁਰਿੰਦਰ ਸਿੰਘ ਜੇ. ਈ. ਮਲਕਪੁਰ, ਸ਼ਰਨਜੀਤ ਸਿੰਘ ਅਠੌਲੀ, ਕੁਲਦੀਪ ਸਿੰਘ ਹਰਬੰਸਪੁਰ, ਕਾਮਰੇਡ ਰਣਦੀਪ ਸਿੰਘ ਰਾਣਾ ਆਦਿ ਸ਼ਾਮਿਲ ਸਨ |