ਕਾਲਾ ਸੰਘਿਆਂ, 5 ਅਪ੍ਰੈਲ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬੇ 'ਚ ਇੰਜ: ਸੀਤਲ ਸਿੰਘ ਸੰਘਾ ਦੇ ਗ੍ਰਹਿ ਵਿਖੇ ਕਾਮਰੇਡ ਗੁਰਦਾਸ ਸਿੰਘ ਯਾਦਗਾਰ ਕਮੇਟੀ, ਕਾਲਾ ਸੰਘਿਆਂ ਵਲੋਂ ਕਾਮਰੇਡ ਗੁਰਦਾਸ ਸਿੰਘ ਯਾਦਗਾਰੀ ਸਮਾਗਮ ਕਰਵਾਇਆ | ਸਮਾਗਮ ਦੌਰਾਨ ਸੰਸਾਰ 'ਚ ਫਾਸ਼ੀਵਾਦ ਦਾ ਉਭਾਰ (ਨਿਊ ਵਰਲਡ ਆਰਡਰ ਦੇ ਸੰਦਰਭ ਵਿਚ) ਵਿਸ਼ੇ 'ਤੇ ਬੋਲਦਿਆਂ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਫਾਸ਼ੀਵਾਦ ਦੀ ਜੜ ਸੰਸਾਰ 'ਚ ਹਿਟਲਰ ਤੇ ਮੁਸੋਲੀਨੀ ਆਦਿ ਡਿਕਟੇਟਰਾਂ ਨੇ ਲਗਾਈ | ਉਨ੍ਹਾਂ ਦੱਸਿਆ ਕਿ ਅੱਜ ਅਸੀਂ ਨਵ ਫਾਸੀਵਾਦੀ ਦੌਰ 'ਚੋਂ ਗੁਜ਼ਰ ਰਹੇ ਹਾਂ | ਡੋਨਾਲਡ ਟਰੰਪ ਅੱਜ ਨਿਊ ਫਾਸੀਵਾਦ ਦਾ ਉਭਰਮਾ ਚਿਹਰਾ ਹੈ | ਫਾਸ਼ੀਵਾਦ ਸੰਬੰਧੀ ਉਨ੍ਹਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਫਾਸ਼ੀਵਾਦੀ ਤਾਕਤਾਂ ਜਮਹੂਰੀ ਮੰਚਾਂ ਦਾ ਇਸਤੇਮਾਲ ਕਰਕੇ ਮਨੁੱਖਤਾ ਨੂੰ ਗੁਲਾਮ ਕਰਨ ਦਾ ਆਪਣਾ ਮਨੋਰਥ ਸਿੱਧ ਕਰਦੀਆਂ ਹਨ | ਇਕੋ ਭਾਸ਼ਾ, ਇਕੋ ਸਭਿਆਚਾਰ, ਇਕੋ ਕੌਮੀਅਤ ਇਹ ਫਾਸ਼ੀਵਾਦ ਦੇ ਮੁੱਖ ਲੱਛਣ ਹਨ ਜੋ ਵਿਭਿੰਨਤਾ ਨੂੰ ਖ਼ਤਮ ਕਰਕੇ ਲੋਕਾਂ ਨੂੰ ਗੁਲਾਮ ਬਣਾਉਣਾ ਚਾਹੁੰਦਾ ਹੈ | ਉਨ੍ਹਾਂ ਆਖਿਆ ਕਿ ਜੰਗ ਹਮੇਸ਼ਾ ਲੁਟੇਰਾ ਲਾਉਂਦਾ ਹੈ ਤੇ ਜੰਗ ਵੀ ਫਾਸ਼ੀਵਾਦ ਦਾ ਹੀ ਇਕ ਹਥਿਆਰ ਹੈ | ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਰਾਮ ਮੂਰਤੀ ਨੇ ਕਾਮਰੇਡ ਗੁਰਦਾਸ ਸਿੰਘ ਸੰਘਾ ਦੇ ਜੀਵਨ ਤੇ ਲੋਕ ਕਾਰਜਾਂ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ | ਫਾਸ਼ੀਵਾਦ ਸੰਬੰਧੀ ਉਨ੍ਹਾਂ ਕਿਹਾ ਕਿ ਇਸ 'ਚ ਰਾਜਨੀਤਕ ਪਾਰਟੀਆਂ ਪਿੱਛੇ ਰਹਿ ਜਾਂਦੀਆਂ ਹਨ ਅਤੇ ਇਕ ਖ਼ਾਸ ਵਿਅਕਤੀ ਨੂੰ ਨਾਇਕ ਵਜੋਂ ਉਭਾਰ ਕੇ ਉਹਦੀ ਪੂਜਾ ਅਵਾਮ ਕੋਲੋਂ ਕਰਵਾਈ ਜਾਂਦੀ ਹੈ | ਉਨ੍ਹਾਂ ਨੇ ਅਜੋਕੀ ਰਾਜਨੀਤੀ 'ਚੋਂ ਉਦਾਹਰਨਾਂ ਦਿੰਦੇ ਦੱਸਿਆ ਕਿ ਕਿਵੇਂ ਪਾਰਟੀਆਂ ਤੇ ਪਾਰਟੀਆਂ ਦਾ ਕਾਡਰ ਦੁਜੈਲੇ ਸਥਾਨ 'ਤੇ ਆ ਗਿਆ ਹੈ ਅਤੇ ਵਿਸ਼ੇਸ਼ ਵਿਅਕਤੀ ਰਾਜਨੀਤਕ, ਸਮਾਜਿਕ, ਸਭਿਆਚਾਰਕ ਤੇ ਧਾਰਮਿਕ ਸੰਸਥਾਵਾਂ ਉੱਪਰ ਕਾਬਜ਼ ਹੋ ਕੇ ਕਾਰਪੋਰੇਟ ਸੈਕਟਰ ਦੀ ਸੇਵਾ ਕਰ ਰਹੇ ਹਨ | ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ, ਵੰਡ ਕੇ ਰੱਖਣਾ ਅੱਜ ਦੇ ਨਵ ਫਾਸੀਵਾਦ ਦਾ ਮੁੱਖ ਲੱਛਣ ਹੈ | ਇੰਜ: ਸੀਤਲ ਸਿੰਘ ਸੰਘਾ ਨੇ ਸਮਾਗਮ 'ਚ ਸ਼ਾਮਿਲ ਹੋਣ ਲਈ ਸਭ ਦਾ ਧੰਨਵਾਦ ਕੀਤਾ | ਮੰਚ ਦਾ ਸੰਚਾਲਨ ਡਾ. ਰਾਮ ਮੂਰਤੀ ਨੇ ਕੀਤਾ | ਸਮਾਗਮ 'ਚ ਬਲਜੀਤ ਸਿੰਘ ਸੰਘਾ, ਜਥੇਦਾਰ ਪਲਵਿੰਦਰ ਸਿੰਘ, ਮਨੀਸ਼ ਤਾਲਬ, ਸਾਬਕਾ ਸਰਪੰਚ ਸੰਜੀਵ ਕੁਮਾਰ ਹੈਪੀ, ਸਵੈਮਾਨ ਸਿੰਘ ਸੰਘਾ, ਪਿ੍ੰਸੀਪਲ ਬਲਜਿੰਦਰ ਕੌਰ ਸਚਦੇਵਾ, ਪਿ੍ੰਸੀਪਲ ਰਜਿੰਦਰ ਕੌਰ, ਪਿ੍ੰਸੀਪਲ ਕਰੁਣਾ ਕਟੋਚ, ਅਮਰਜੀਤ ਸਿੰਘ ਚਾਹਲ, ਕਾਮਰੇਡ ਪਰਗਣ ਸਿੰਘ, ਵਰਿੰਦਰ ਪਾਲ ਸਿੰਘ ਕਾਲਾ, ਸਰਬਜੀਤ ਕੌਰ, ਡਾ ਸੁਰੇਸ਼ਟਾ, ਮਹਿੰਗਾ ਸਿੰਘ ਸੰਧੂ ਚੱਠਾ, ਸੇਵਾ ਮੁਕਤ ਡੀ. ਐਸ. ਪੀ. ਦਲਜੀਤ ਸਿੰਘ ਤੇ ਹੋਰ ਵੀ ਬਹੁਤ ਸਾਰੇ ਸਰੋਤਿਆਂ ਨੇ ਸ਼ਿਰਕਤ ਕੀਤੀ | ਅੰਤ 'ਚ ਸਭ ਨੇ ਦੁਪਹਿਰ ਦਾ ਲੰਗਰ ਛਕਿਆ |