ਸੁਲਤਾਨਪੁਰ ਲੋਧੀ, 5 ਅਪ੍ਰੈਲ (ਨਰੇਸ਼ ਹੈਪੀ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚੋਣਾਂ ਮੌਕੇ ਅਰਵਿੰਦ ਕੇਜਰੀਵਾਲ ਦਾ ਸਰਕਾਰੀ ਮੁਲਾਜ਼ਮਾਂ ਨਾਲ ਕੀਤੇ ਇਕਰਾਰਨਾਮੇ 'ਚ ਨੰਬਰਦਾਰਾਂ ਦੇ ਮਾਣ ਭੱਤਾ ਤੇ ਨੰਬਰਦਾਰੀ ਜੱਦੀ ਪੁਸ਼ਤੀ ਕਰਨ ਸੰਬੰਧੀ ਸਾਰੇ ਦਾਅਵੇ ਖੋਖਲੇ ਸਾਬਤ ਹੋਏ ਹਨ ਜਿਸ ਤੋਂ ਸਾਫ਼ ਤੇ ਸਪੱਸ਼ਟ ਹੈ ਕਿ ਇਸ ਸਰਕਾਰ ਨੇ ਚਾਰ ਸਾਲਾਂ 'ਚ ਸਿਰਫ਼ ਆਪਣੀ ਫੋਕੀ ਇਸ਼ਤਿਹਾਰਬਾਜ਼ੀ ਹੀ ਕੀਤੀ ਹੈ | ਇਹ ਪ੍ਰਗਟਾਵਾ ਪੰਜਾਬ ਨੰਬਰਦਾਰ ਯੂਨੀਅਨ ਰਜਿਸਟਰਡ 643 ਸਮਰਾ ਗਰੁੱਪ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸਾਹਿਬ ਸਿੰਘ ਭੁੱਲਰ ਨੇ ਕੀਤਾ | ਪ੍ਰਧਾਨ ਭੁੱਲਰ ਨੇ ਕਿਹਾ ਕਿ ਸਰਕਾਰ ਦੇ ਚਾਰ ਸਾਲ ਦੀ ਕਾਰਗੁਜ਼ਾਰੀ ਜ਼ੀਰੋ ਹੈ ਤੇ ਹਰ ਖੇਤਰ 'ਚ ਫੇਲ੍ਹ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ 'ਚ ਦੂਜੀ ਪ੍ਰਮੁੱਖ ਸਿਆਸੀ ਪਾਰਟੀਆਂ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੂੰ ਛੱਡ ਕੇ ਸੂਬੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜ਼ਬਰਦਸਤ ਫ਼ਤਵਾ ਦਿੱਤਾ ਸੀ ਤਾਂ ਕਿ ਇਹ ਸਰਕਾਰ ਲੋਕਾਂ ਦੇ ਦੁੱਖ ਦਰਦ ਨੂੰ ਸਮਝ ਸਕੇ ਪਰ ਇਹ ਸਰਕਾਰ ਹੁਣ ਤੱਕ ਦੀ ਸਭ ਤੋਂ ਭੈੜੀ ਤੇ ਨਿਕੰਮੀ ਸਾਬਿਤ ਹੋਈ ਹੈ | ਪ੍ਰਧਾਨ ਭੁੱਲਰ ਨੇ ਕਿਹਾ ਕਿ ਜੇ ਸਰਕਾਰ ਨੇ ਸਾਡੀਆਂ ਦੋ ਪ੍ਰਮੁੱਖ ਮੰਗਾਂ ਨੰਬਰਦਾਰਾਂ ਦਾ ਮਾਣ ਭੱਤਾ ਦੁੱਗਣਾ ਕਰਨਾ ਤੇ ਨੰਬਰਦਾਰੀ ਨੂੰ ਜੱਦੀ ਪੁਸ਼ਤੀ ਕਰਨਾ ਹੈ ਤੇ ਜਲਦ ਕੋਈ ਫ਼ੈਸਲਾ ਨਾ ਲਿਆ ਤਾਂ ਪੰਜਾਬ ਦੇ ਸਮੂਹ ਨੰਬਰਦਾਰ ਆਉਣ ਵਾਲੇ ਕੁੱਝ ਦਿਨਾਂ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਜਾ ਕੇ ਚੰਡੀਗੜ੍ਹ ਵਿਖੇ ਪੰਜਾਬ ਪੱਧਰ ਦੀ ਰੈਲੀ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਬਲਾਕ ਪ੍ਰਧਾਨ ਸਾਹਿਬ ਸਿੰਘ ਭੁੱਲਰ, ਬਲਵਿੰਦਰ ਸਿੰਘ ਧਾਲੀਵਾਲ, ਕੁਲਦੀਪ ਸਿੰਘ ਸਾਂਗਰਾ, ਅਮਰਜੀਤ ਸਿੰਘ ਫੌਜੀ ਕਾਲੋਨੀ, ਸੁਖਦੇਵ ਸਿੰਘ ਕਬੀਰ ਪੁਰ, ਰੇਸ਼ਮ ਸਿੰਘ ਬਿਧੀਪੁਰ, ਭਜਨ ਸਿੰਘ ਭਾਗੋਰਾਈਆਂ, ਮੁਖ਼ਤਿਆਰ ਸਿੰਘ ਬਾਊਪੁਰ, ਸੰਤੋਸ਼ ਕੁਮਾਰ ਭਾਗੋਬੁੱਢਾ, ਹਰਜੀਤ ਸਿੰਘ ਬੂਸੋਵਾਲ, ਸਤਨਾਮ ਸਿੰਘ ਬੂਸੋਵਾਲ, ਨਿਰਮਲ ਸਿੰਘ ਸ਼ੇਖਮਾਂਗਾ, ਹੀਰਾ ਸਿੰਘ, ਸੁਖਰਾਜ ਸਿੰਘ, ਜਸਵੰਤ ਸਿੰਘ ਸੈਚ, ਲਖਬੀਰ ਸਿੰਘ ਸੈਚ, ਗੁਰਸ਼ਰਨ ਸਿੰਘ ਬੂਲਪੁਰ, ਸੁਖਜਿੰਦਰ ਸਿੰਘ ਚੂਹੜ ਪੁਰ, ਸ਼ਮਸ਼ੇਰ ਸਿੰਘ ਬਾਜ਼ਾ, ਕਰਨੈਲ ਸਿੰਘ ਸੂਜੋਕਾਲੀਆ, ਸਰਵਣ ਸਿੰਘ ਵੈਦ ਹੁਸੈਨਪੁਰ ਦੂਲੋਵਾਲ, ਗੁਰਦੀਪ ਸਿੰਘ ਅਹਿਮਦ ਪੁਰ, ਮਲਕੀਤ ਸਿੰਘ ਮੁਹੱਬਲੀਪੁਰ, ਤੀਰਥ ਸਿੰਘ ਨਸੀਰੇਵਾਲ, ਜੋਗਾ ਸਿੰਘ, ਕੁਲਦੀਪ ਸਿੰਘ, ਸੁਖਚੈਨ ਸਿੰਘ, ਬਲਦੇਵ ਸਿੰਘ, ਸੁਖਜਿੰਦਰ ਸਿੰਘ, ਸਰੂਪ ਸਿੰਘ, ਗੁਰਨਾਮ ਸਿੰਘ, ਲਹਿੰਬਰ ਸਿੰਘ ਆਦਿ ਵੀ ਹਾਜ਼ਰ ਸਨ |