ਕਪੂਰਥਲਾ, 13 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਤੇ ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਦੀ ਅਗਵਾਈ 'ਚ ਯੂਨੀਅਨ ਦੇ ਇਕ ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦੇ ਕੇ ਮੰਗ ਕੀਤੀ ਕਿ ਕਣਕ ਦੀ ਮੰਡੀਆਂ ਵਿਚ ਆਮਦ ਨੂੰ ਮੁੱਖ ਰੱਖਦਿਆਂ ਮੰਡੀਆਂ ਵਿਚ ਲੋੜੀਂਦੇ ਪ੍ਰਬੰਧ ਤੇ ਖ਼ਰੀਦੀ ਗਈ ਕਣਕ ਦੀ 48 ਘੰਟੇ ਵਿਚ ਅਦਾਇਗੀ ਕਰਨੀ ਯਕੀਨੀ ਬਣਾਈ ਜਾਵੇ | ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਐਫ. ਸੀ. ਆਈ. ਦੇ ਸਟੋਰ ਪਹਿਲਾਂ ਹੀ ਕਣਕ ਤੇ ਚੌਲ ਨਾਲ ਭਰੇ ਹੋਏ ਹਨ, ਇਸ ਲਈ ਗੋਦਾਮ ਖਾਲੀ ਕਰਵਾਉਣ ਲਈ ਵਿਸ਼ੇਸ਼ ਗੱਡੀਆਂ ਦਾ ਪ੍ਰਬੰਧ ਕੀਤਾ ਜਾਵੇ | ਉਨ੍ਹਾਂ ਪਿਛਲੇ ਸਾਲ ਅਗਸਤ ਮਹੀਨੇ ਵਿਚ ਆਏ ਹੜ੍ਹਾਂ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦਾ ਮਾਮਲਾ ਵਿਚ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਤੇ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਉਨ੍ਹਾਂ ਨੂੰ ਤੁਰੰਤ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦਿਵਾਇਆ ਜਾਵੇ | ਯੂਨੀਅਨ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਜ਼ਿਲ੍ਹੇ ਵਿਚ ਪਟਵਾਰੀ, ਕਾਨੂੰਗੋ, ਸੁਵਿਧਾ ਸੈਂਟਰ ਤੇ ਫ਼ਰਦ ਕੇਂਦਰਾਂ ਵਿਚ ਮੁਲਾਜ਼ਮਾਂ ਦੀ ਘਾਟ ਕਾਰਨ ਲੋਕਾਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਖਾਲੀ ਪੋਸਟਾਂ ਭਰੀਆਂ ਜਾਣ | ਇਸ ਤੋਂ ਪਹਿਲਾਂ ਯੂਨੀਅਨ ਦੀ ਇਕ ਮੀਟਿੰਗ ਹੋਈ, ਜਿਸ 'ਚ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਆਲੂ ਦਾ ਰੇਟ ਘੱਟ ਹੋਣ ਕਾਰਨ ਵਪਾਰੀ ਆਲੂ ਖ਼ਰੀਦਣ ਲਈ ਤਿਆਰ ਨਹੀਂ, ਇਸ ਲਈ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਬਾਰਡਰ ਖੋਲ੍ਹ ਕੇ ਅਰਬ ਦੇਸ਼ਾਂ ਨੂੰ ਆਲੂ ਤੇ ਸਬਜ਼ੀਆਂ ਭੇਜਣ ਦਾ ਪ੍ਰਬੰਧ ਕੀਤਾ ਜਾਵੇ | ਬਾਅਦ 'ਚ ਯੂਨੀਅਨ ਵਲੋਂ ਜਸਬੀਰ ਸਿੰਘ ਲਿੱਟਾਂ ਤੇ ਦਲਬੀਰ ਸਿੰਘ ਨਾਨਕਪੁਰ ਦੀ ਅਗਵਾਈ 'ਚ ਐਸ. ਐਸ. ਪੀ. ਕਪੂਰਥਲਾ ਦੇ ਨਾਂਅ ਇਕ ਪੁਲਿਸ ਅਧਿਕਾਰੀ ਨੂੰ ਮੰਗ-ਪੱਤਰ ਦਿੱਤਾ ਗਿਆ, ਜਿਸ ਵਿਚ ਨਸ਼ਿਆਂ ਦੇ ਵੱਧ ਰਹੇ ਰੁਝਾਨ ਨੂੰ ਠੱਲ੍ਹ ਪਾਉਣ, ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਦੋਵਾਂ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਮੌਕੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਜੋਗਿੰਦਰ ਸਿੰਘ ਬਾਗੜੀਆਂ, ਬਲਾਕ ਨਡਾਲਾ ਦੇ ਪ੍ਰਧਾਨ ਜੋਗਾ ਸਿੰਘ, ਬੇਗੋਵਾਲ ਦੇ ਪ੍ਰਧਾਨ ਨਿਰਮਲ ਸਿੰਘ, ਕਪੂਰਥਲਾ ਦੇ ਪ੍ਰਧਾਨ ਬਖ਼ਸ਼ੀਸ਼ ਸਿੰਘ, ਸਰਵਣ ਸਿੰਘ ਸਰਪੰਚ, ਦੀਦਾਰ ਸਿੰਘ ਤੇ ਗੁਰਦੀਪ ਸਿੰਘ ਨਾਨਕਪੁਰ, ਮੋਹਣ ਸਿੰਘ ਗੋਪੀਪੁਰ, ਅਮਰੀਕ ਸਿੰਘ, ਬਲਬੀਰ ਸਿੰਘ, ਸਤਬੀਰ ਸਿੰਘ, ਹਰਜੀਤ ਸਿੰਘ ਪ੍ਰਵੇਜ਼ ਨਗਰ, ਸੁਖਦੇਵ ਸਿੰਘ, ਜਸਕੀਰਤ ਸਿੰਘ, ਵਰਿੰਦਰ ਸਿੰਘ, ਮਨਿੰਦਰ ਸਿੰਘ, ਮਲਕੀਤ ਸਿੰਘ ਦੰਦੂਪੁਰ, ਲਖਵਿੰਦਰ ਸਿੰਘ, ਮਹਿੰਦਰ ਸਿੰਘ ਭਵਾਨੀਪੁਰ, ਪਾਲ ਸਿੰਘ ਖੀਰਾਂਵਾਲੀ, ਗੁਰਦੀਪ ਸਿੰਘ ਭਗਵਾਨਪੁਰ, ਹਰਮਿੰਦਪਾਲ ਕਾਲਾ ਸੰਘਿਆਂ, ਰਘਬੀਰ ਸਿੰਘ, ਬਲਕਾਰ ਸਿੰਘ, ਨਿਸ਼ਾਨ ਸਿੰਘ ਮੰਡ ਇਬਰਾਹੀਮਵਾਲ, ਹਰਪ੍ਰੀਤ ਸਿੰਘ ਨੰਗਲ ਲੁਬਾਣਾ, ਹਰਦੀਪ ਸਿੰਘ, ਜੀਤ ਸਿੰਘ ਮਜਾਦਪੁਰ, ਜਸਵਿੰਦਰ ਸਿੰਘ ਕੋਠੇ ਕਾਲਾ ਸਿੰਘ, ਲਖਵਿੰਦਰ ਸਿੰਘ ਭਵਾਨੀਪੁਰ ਆਦਿ ਕਿਸਾਨ ਆਗੂ ਹਾਜ਼ਰ ਸਨ |