ਖਲਵਾੜਾ, 13 ਅਪ੍ਰੈਲ (ਮਨਦੀਪ ਸਿੰਘ ਸੰਧੂ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਨ ਸਰਕਾਰੀ ਮਿਡਲ ਸਕੂਲ ਮਲਕਪੁਰ ਤਹਿਸੀਲ ਫਗਵਾੜਾ ਵਿਖੇ ਮਨਾਇਆ, ਜਿਸ 'ਚ ਵਿਦਿਆਰਥੀਆਂ ਨੇ ਸਭ ਤੋਂ ਪਹਿਲਾਂ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਫੁੱਲਮਲਾਵਾਂ ਭੇਟ ਕੀਤੀਆਂ ਤੇ ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਇੰਚਾਰਜ ਬਲਵਿੰਦਰ ਕੁਮਾਰ ਨੇ ਕਿਹਾ ਬਾਬਾ ਸਾਹਿਬ ਦਾ ਜੀਵਨ ਸਾਨੂੰ ਇਹ ਪ੍ਰੇਰਨਾ ਦਿੰਦਾ ਹੈ ਕਿ ਸਾਨੂੰ ਹਮੇਸ਼ਾ ਸੰਘਰਸ਼ ਕਰਨਾ ਚਾਹੀਦਾ ਹੈ, ਆਪਣਾ ਜੀਵਨ ਮਾਨਵਤਾ ਦੇ ਕਲਿਆਣ ਵਿਚ ਅਤੇ ਪ੍ਰਗਤੀ ਵਾਸਤੇ ਬਤੀਤ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਹਮੇਸ਼ਾ ਅਨਿਆ, ਅੱਤਿਆਚਾਰ, ਆਰਥਿਕ ਲੁੱਟ, ਸਮਾਜਿਕ ਦਮਨ, ਰੂੜੀਵਾਦ, ਮਜਹਬੀ ਕੱਟੜਤਾ ਦੇ ਖ਼ਿਲਾਫ਼ ਕੰਮ ਕੀਤਾ | ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਮਠਿਆਈਆਂ ਵੰਡੀਆਂ ਗਈਆਂ ਤੇ ਵਿਦਿਆਰਥੀਆਂ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਉਹ ਬਾਬਾ ਸਾਹਿਬ ਦੇ ਜੀਵਨ ਨੂੰ ਪੜ੍ਹਨ ਅਤੇ ਉਸ ਤੇ ਅਮਲ ਕਰਨ ਤੇ ਆਪਣੇ ਜੀਵਨ ਵਿਚ ਕਾਮਯਾਬੀ ਹਾਸਿਲ ਕਰਨ | ਸਕੂਲ ਦੀ ਸਾਇੰਸ ਅਧਿਆਪਕਾ ਨੀਤੂ ਲੇਖ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਕਿਹਾ ਕਿ ਵਿਦਿਆਰਥੀਆਂ ਨੂੰ ਬਾਬਾ ਸਾਹਿਬ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ | ਸ੍ਰੀਮਤੀ ਕੁਲਦੀਪ ਕੌਰ ਨੇ ਵੀ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ | ਇਸ ਮੌਕੇ ਦਿਲਜੀਤ ਕੌਰ ਤੇ ਮਹਿੰਦਰ ਕੌਰ ਮਿਡ ਡੇ ਮੀਲ ਵਰਕਰ ਹਾਜ਼ਰ ਸਨ |