ਖਲਵਾੜਾ, 13 ਅਪ੍ਰੈਲ (ਮਨਦੀਪ ਸਿੰਘ ਸੰਧੂ)-ਸਰਕਾਰੀ ਹਾਈ ਸਕੂਲ ਪਿੰਡ ਖਲਵਾੜਾ ਤਹਿਸੀਲ ਫਗਵਾੜਾ ਵਿਖੇ ਬੱਚਿਆਂ ਦੇ ਨਵੇਂ ਦਾਖ਼ਲੇ ਸੰਬੰਧੀ ਇਕ ਮੀਟਿੰਗ ਸਕੂਲ ਦੇ ਹੈੱਡ ਮਾਸਟਰ ਸਤੀਸ਼ ਕੁਮਾਰ ਦੀ ਅਗਵਾਈ ਹੇਠ ਹੋਈ | ਜਿਸ ਵਿਚ ਸਕੂਲ ਪ੍ਰਬੰਧਕ ਕਮੇਟੀ ਤੇ ਸਟਾਫ਼ ਤੋਂ ਇਲਾਵਾ ਰਿਟਾ. ਪਿ੍ੰਸੀਪਲ ਜਸਵਿੰਦਰ ਸਿੰਘ ਬੰਗੜ, ਸੁਰਿੰਦਰ ਸਿੰਘ ਸਰਪੰਚ ਖਲਵਾੜਾ ਕਾਲੋਨੀ, ਬੀਬੀ ਕੁਲਦੀਪ ਕੌਰ ਸਰਪੰਚ ਪਤਨੀ ਆਗਿਆਪਾਲ ਸਿੰਘ ਸਾਬਕਾ ਸਰਪੰਚ ਤੇ ਪੰਚਾਇਤਾਂ ਨੇ ਉਚੇਰੇ ਤੌਰ 'ਤੇ ਸ਼ਮੂਲੀਅਤ ਕੀਤੀ | ਸਕੂਲ ਦੇ ਹੈੱਡ ਮਾਸਟਰ ਸਤੀਸ਼ ਕੁਮਾਰ ਨੇ ਹਾਜ਼ਰ ਪਤਵੰਤਿਆਂ ਨੂੰ ਦੱਸਿਆ ਕਿ ਸਾਲ 2025-26 ਦੀ ਸਾਲਾਨਾ ਪ੍ਰੀਖਿਆ 'ਚ ਸਕੂਲ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ ਹੈ | ਸਕੂਲ ਨੇ ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਜ਼ਿਲ੍ਹਾ ਪੱਧਰ 'ਤੇ ਮੱਲਾਂ ਮਾਰੀਆਂ ਹਨ | ਸਕੂਲ ਵਿਚ ਸਾਇੰਸ ਪਾਰਕ, ਮੈਥ ਪਾਰਕ ਤੇ ਐਸ. ਐਸ. ਟੀ. ਪਾਰਕ ਬਣਾਏ ਗਏ ਹਨ | 6ਵੀਂ ਤੋਂ 10ਵੀਂ ਜਮਾਤ ਤੱਕ ਅੰਗਰੇਜੀ ਮੀਡੀਅਮ ਦੀ ਸਹੂਲਤ ਵੀ ਉਪਲਬਧ ਕਰਵਾਈ ਗਈ ਹੈ | ਈ-ਕੰਟੇਂਟ ਕਲਾਸਾਂ, ਐਲ. ਈ. ਡੀ. ਪ੍ਰਾਜੈਕਟਰ, ਵਧੀਆ ਸਾਇੰਸ ਲੈਬ ਦੀ ਸੁਵਿਧਾ ਵਿਦਿਆਰਥੀਆਂ ਵਿਚ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਵਾਂਗੂ ਆਤਮ ਸੰਤੁਸ਼ਟੀ ਪੈਦਾ ਕਰਦੀਆਂ ਹਨ | ਇਸ ਦੌਰਾਨ ਆਗਿਆਪਾਲ ਸਿੰਘ ਸਾਬਕਾ ਸਰਪੰਚ ਨੇ ਕਿਹਾ ਕਿ ਸਕੂਲ ਦਾ ਸਮੁੱਚਾ ਸਕੂਲ ਸਟਾਫ਼ ਪੂਰੀ ਮਿਹਨਤ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਮਿਆਰ ਬਿਹਤਰ ਬਣਾਉਣ ਤੇ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਵਿਚ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ | ਰਿਟਾ. ਪਿ੍ੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਵੀ ਸਮੂਹ ਸਕੂਲ ਸਟਾਫ਼ ਤੇ ਐਸ. ਐਮ. ਸੀ. ਕਮੇਟੀ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਮਾਪਿਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਇਸ ਸਕੂਲ ਵਿਚ ਦਾਖਲ ਕਰਵਾਉਣ | ਅਖੀਰ ਵਿਚ ਹਰਸਿਮਰਨ ਸਿੰਘ ਤੇ ਮੈਡਮ ਸਵਿਤਾ ਪਵਾਰ ਨੇ ਪਤਵੰਤਿਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ | ਇਸ ਮੌਕੇ ਅਮਰਜੀਤ ਸ਼ੀਂਹਮਾਰ, ਹੁਸਨ ਲਾਲ, ਜਥੇਦਾਰ ਸਰੂਪ ਸਿੰਘ, ਪੁਰਸ਼ੋਤਮ ਲਾਲ, ਅਮਰਜੀਤ, ਕਾਕਾ ਖਲਵਾੜਾ, ਗੁਰਮੀਤ ਸਿੰਘ, ਰਜਿੰਦਰ ਕੌਰ, ਅਤਿਕਾ ਧੀਰ, ਪੂਜਾ ਸੂਦ, ਆਸ਼ਾ ਰਾਣੀ, ਜੋਤੀ ਕੁਮਾਰੀ, ਰਚਨਾ ਦੇਵੀ, ਮੈਡਮ ਕਮਲੇਸ਼ ਕੌਰ, ਦੀਪਾਵਲੀ, ਸੁਖਵਿੰਦਰ ਕੌਰ ਰਾਣਾ ਆਦਿ ਹਾਜ਼ਰ ਸਨ |