ਸੁਲਤਾਨਪੁਰ ਲੋਧੀ ਦੇ ਲੋਕਾਂ ਲਈ ਵੱਡੀ ਰਾਹਤ, ਅੰਡਰ ਬਰਿਜਾਂ 'ਤੇ ਸ਼ੈੱਡ ਪਾਉਣ ਦਾ ਕੰਮ ਜਲਦ ਸ਼ੁਰੂ <br/>
ਅਜੀਤ ਡੈਸਕ
20-04-2026
ਸੁਲਤਾਨਪੁਰ ਲੋਧੀ, 19 ਅਪ੍ਰੈਲ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਹਲਕੇ ਦੇ ਲੋਕਾਂ ਲਈ ਇਕ ਵੱਡੀ ਸੁਖਦ ਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ | ਹਲਕੇ ਦੇ ਵਿਕਾਸ ਲਈ ਹਮੇਸ਼ਾ ਹੀ ਸੰਵੇਦਨਸ਼ੀਲ ਅਤੇ ਤਤਪਰ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਇਕ ਵਾਰ ਫਿਰ ਲੋਕਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਸਮੱਸਿਆ ਦਾ ਹੱਲ ਕਰਵਾ ਕੇ ਆਪਣੀ ਵਚਨਬੱਧਤਾ ਸਾਬਤ ਕੀਤੀ ਹੈ | ਸੱਜਣ ਸਿੰਘ ਚੀਮਾ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਕਰਮਜੀਤ ਪੁਰ ਰੋਡ ਤੇ ਸੁਲਤਾਨਪੁਰ ਡੱਲਾ ਰੋਡ 'ਤੇ ਰੇਲਵੇ ਲਾਈਨ ਹੇਠਾਂ ਬਣੇ ਅੰਡਰ ਬਿ੍ਜਾਂ ਉੱਪਰ ਸ਼ੈੱਡ ਪਾਉਣ ਦਾ ਕੰਮ ਆਉਣ ਵਾਲੇ ਇਕ ਹਫ਼ਤੇ 'ਚ ਸ਼ੁਰੂ ਹੋਣ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਕੰਮ ਸਿਰਫ਼ ਐਲਾਨਾਂ ਤੱਕ ਸੀਮਿਤ ਨਹੀਂ ਰਿਹਾ, ਸਗੋਂ ਇਸ ਨੂੰ ਜ਼ਮੀਨੀ ਪੱਧਰ 'ਤੇ ਲਿਆਉਣ ਲਈ ਉਨ੍ਹਾਂ ਨੇ ਖੁਦ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਈ ਦੌਰਾਂ ਦੀਆਂ ਮੀਟਿੰਗਾਂ ਕੀਤੀਆਂ ਤੇ ਮਾਮਲੇ ਨੂੰ ਗੰਭੀਰਤਾ ਨਾਲ ਉਠਾਇਆ | ਚੀਮਾ ਨੇ ਕਿਹਾ ਕਿ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਉਨ੍ਹਾਂ ਵਲੋਂ ਰੇਲਵੇ ਵਿਭਾਗ ਨਾਲ ਲਗਾਤਾਰ ਸੰਪਰਕ ਬਣਾਇਆ ਅਤੇ ਅਧਿਕਾਰੀਆਂ ਨੂੰ ਮੌਕੇ ਦੀ ਹਕੀਕਤ ਤੋਂ ਵੀ ਜਾਣੂ ਕਰਵਾਇਆ, ਜਿਸ ਕਾਰਨ ਹੁਣ ਇਸ ਮਹੱਤਵਪੂਰਨ ਕੰਮ ਨੂੰ ਹਰੀ ਝੰਡੀ ਮਿਲ ਗਈ ਹੈ ਅਤੇ ਜਲਦੀ ਹੀ ਇਹ ਕੰਮ ਸ਼ੁਰੂ ਹੋਵੇਗਾ | ਚੀਮਾ ਨੇ ਕਿਹਾ ਕਿ ਸ਼ੈੱਡ ਪਾਉਣ ਨਾਲ ਮੀਂਹ ਦੇ ਪਾਣੀ ਦੀ ਸਿੱਧੀ ਆਮਦ ਘੱਟ ਹੋਵੇਗੀ ਤੇ ਪਾਣੀ ਭਰਨ ਦੀ ਸਮੱਸਿਆ 'ਤੇ ਕਾਬੂ ਪਾਇਆ ਜਾ ਸਕੇਗਾ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ | ਉਨ੍ਹਾਂ ਇਹ ਵੀ ਕਿਹਾ ਕਿ ਇਹ ਸਿਰਫ਼ ਇਕ ਪ੍ਰਾਜੈਕਟ ਨਹੀਂ, ਸਗੋਂ ਹਲਕੇ ਦੇ ਵਿਕਾਸ ਵੱਲ ਇਕ ਹੋਰ ਮਜ਼ਬੂਤ ਕਦਮ ਹੈ | ਲੋਕਾਂ ਨੇ ਸੱਜਣ ਸਿੰਘ ਚੀਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਚੱਲ ਰਹੀ ਸਮੱਸਿਆ ਦਾ ਹੱਲ ਹੁਣ ਮਿਲਣ ਜਾ ਰਿਹਾ ਹੈ ਜਿਸ ਨਾਲ ਖਾਸ ਕਰਕੇ ਬਰਸਾਤੀ ਮੌਸਮ ਵਿਚ ਆਉਣ ਵਾਲੀਆਂ ਦਿੱਕਤਾਂ ਤੋਂ ਵੱਡੀ ਰਾਹਤ ਮਿਲੇਗੀ |