ਭੁਲੱਥ, 19 ਅਪ੍ਰੈਲ (ਮਨਜੀਤ ਸਿੰਘ ਰਤਨ)-ਅਕਾਲ ਅਕੈਡਮੀ ਰਾਏਪੁਰ ਪੀਰ ਬਖ਼ਸ਼ ਵਾਲਾ ਵਲੋਂ ਚੌਥੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਅੰਮਿ੍ਤਸਰ ਦਾ ਧਾਰਮਿਕ, ਇਤਿਹਾਸਕ ਤੇ ਸੱਭਿਆਚਾਰਕ ਸੰਬੰਧੀ ਵਿੱਦਿਅਕ ਟੂਰ ਲਗਵਾਇਆ | ਟੂਰ ਦੀ ਸ਼ੁਰੂਆਤ ਵਿਦਿਆਰਥੀਆਂ ਨੂੰ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਦੇ ਦਰਸ਼ਨ ਕਰਵਾ ਕੇ ਕੀਤੀ ਗਈ | ਇਥੇ ਵਿਦਿਆਰਥੀਆਂ ਨੇ ਰਸਭਿੰਨਾ ਕੀਰਤਨ ਸੁਣਿਆ ਅਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਭਾਵਨਾਤਮਕ ਢੰਗ ਨਾਲ ਜਾਣਕਾਰੀ ਪ੍ਰਾਪਤ ਕੀਤੀ | ਇਸ ਤੋਂ ਬਾਅਦ ਬੱਚਿਆਂ ਨੂੰ ਵਾਰ ਮੈਮੋਰੀਅਲ ਮਿਊਜ਼ੀਅਮ ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਭਾਰਤ ਦੀਆਂ ਵੱਖ-ਵੱਖ ਇਤਿਹਾਸਕ ਲੜਾਈਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਿਲ ਕੀਤੀ | ਮਿਊਜ਼ੀਅਮ ਦੀਆਂ ਵੱਖ-ਵੱਖ ਗੈਲਰੀਆਂ ਦਾ ਦੌਰਾ ਕਰਦਿਆਂ ਗਾਈਡਾਂ ਵਲੋਂ ਬੱਚਿਆਂ ਦੇ ਨਾਲ ਲੜਾਈਆਂ ਨਾਲ ਸੰਬੰਧਿਤ ਮਹੱਤਵਪੂਰਨ ਤੱਥ ਸਾਂਝੇ ਕੀਤੇ ਗਏ | ਇਥੇ ਵਿਦਿਆਰਥੀਆਂ ਨੂੰ 7ਡੀ ਮੂਵੀ ਵੀ ਦਿਖਾਈ ਗਈ, ਜਿਸ 'ਚ 1962 ਅਤੇ 1965 ਦੀਆਂ ਜੰਗਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ | ਅਗਲੇ ਪੜਾਅ 'ਚ ਵਿਦਿਆਰਥੀਆਂ ਨੂੰ 'ਸਾਡਾ ਪਿੰਡ' ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਪੰਜਾਬੀ ਸੱਭਿਆਚਾਰ ਦੀਆਂ ਰੰਗ-ਬਰੰਗੀਆਂ ਝਾਕੀਆਂ ਦਾ ਅਨੰਦ ਮਾਣਿਆ | ਬੱਚਿਆਂ ਨੇ ਊਠ ਦੀ ਸਵਾਰੀ ਕੀਤੀ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸੋਨੂੰ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਇਸ ਤਰ੍ਹਾਂ ਦੇ ਟੂਰ ਹਰ ਸਾਲ ਆਯੋਜਿਤ ਕੀਤੇ ਜਾਂਦੇ ਰਹਿਣਗੇ, ਤਾਂ ਜੋ ਬੱਚੇ ਪਾਠਕ੍ਰਮ ਤੋਂ ਇਲਾਵਾ ਹੋਰ ਗਿਆਨ ਵੀ ਪ੍ਰਾਪਤ ਕਰ ਸਕਣ |