ਬੇਗੋਵਾਲ, 19 ਅਪ੍ਰੈਲ (ਸੁਖਜਿੰਦਰ ਸਿੰਘ)-ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵੀ ਕੰਮਾਂ ਕਰਕੇ ਆਪਣੀ ਪਹਿਚਾਣ ਬਣਾ ਚੁੱਕੀ ਲਾਇਨ ਕਲੱਬ ਬੇਗੋਵਾਲ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਅਮਰਜੋਤ ਸਿੰਘ ਜੱਜ ਦੀ ਅਗਵਾਈ ਹੇਠ ਹੋਟਲ ਟਾਊਨ ਹਾਰਟ ਬੇਗੋਵਾਲ 'ਚ ਹੋਈ | ਮੀਟਿੰਗ ਵਿਚ ਕਲੱਬ ਵਲੋਂ ਲੰਘੇ ਸਮੇਂ ਦੌਰਾਨ ਕੀਤੇ ਕੰਮਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ ਤੇ ਕਲੱਬ ਦਾ ਲੇਖਾ ਜੋਖਾ ਕੀਤਾ | ਇਸ ਮੌਕੇ ਕਲੱਬ ਦੀ ਰਿਵਾਇਤ ਅਨੁਸਾਰ ਸਾਲ 2016/17 ਲਈ ਪ੍ਰਧਾਨਗੀ ਦੀ ਚੋਣ ਕੀਤੀ ਗਈ ਤੇ ਸਮੂਹ ਕਲੱਬ ਮੈਂਬਰਾਂ ਦੀ ਸਹਿਮਤੀ ਨਾਲ ਲਾਇਨ ਅਜੀਤਪਾਲ ਸਿੰਘ ਬੰਟੀ ਨੂੰ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਜਿਥੇ ਨਵ ਨਿਯੁਕਤ ਪ੍ਰਧਾਨ ਅਜੀਤਪਾਲ ਸਿੰਘ ਬੰਟੀ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਲੱਬ ਦਾ ਮੁੱਖ ਮੰਤਵ ਹੀ ਸਮਾਜ ਦੀ ਸੇਵਾ ਕਰਨਾ ਹੈ ਤੇ ਉਹ ਇਸ ਕਾਰਜ ਨੂੰ ਅਗਾਂਹ ਤੋਰਦਿਆਂ ਕਲੱਬ ਦੀਆਂ ਗਤੀਵਿਧੀਆਂ ਹੋਰ ਵਧਾਉਣਗੇ ਤੇ ਪੂਰੀ ਲਗਨ ਨਾਲ ਕੰਮ ਕਰਨਗੇ | ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਆਪਣੀ ਟੀਮ ਦਾ ਵੀ ਐਲਾਨ ਕਰਨਗੇ ਤੇ ਸਮੂਹ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਸਾਲ 2016-17 ਦੇ ਕੰਮਾਂ ਨੂੰ ਨੇਪਰੇ ਚਾੜ੍ਹਨਗੇ | ਇਸ ਮੌਕੇ ਪ੍ਰਧਾਨ ਅਮਰਜੋਤ ਸਿੰਘ ਜੱਜ ਨੇ ਜਿੱਥੇ ਨਵੇਂ ਪ੍ਰਧਾਨ ਅਜੀਤਪਾਲ ਸਿੰਘ ਬੰਟੀ ਨੂੰ ਸਮੂਹ ਕਲੱਬ ਵਲੋਂ ਵਧਾਈ ਦਿੱਤੀ ਉਥੇ ਹੀ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਕਰਵਾਏ ਗਏ ਕੰਮਾਂ 'ਤੇ ਚਾਨਣਾ ਪਾਇਆ | ਉਨ੍ਹਾਂ ਕਲੱਬ ਦੀ ਨਵੀਂ ਟੀਮ ਨੂੰ ਵਿਸ਼ਵਾਸ ਦੁਆਇਆ ਕਿ ਉਹ ਉਨ੍ਹਾਂ ਦਾ ਹਰ ਤਰ੍ਹਾਂ ਨਾਲ ਸਹਿਯੋਗ ਦੇਣਗੇ ਤੇ ਕਲੱਬ ਨੂੰ ਹੋਰ ਉਤਸ਼ਾਹਿਤ ਕਰਨਗੇ | ਇਸ ਮੌਕੇ ਸਮੂਹ ਕਲੱਬ ਵਲੋਂ ਅਜੀਤਪਾਲ ਸਿੰਘ ਬੰਟੀ ਨੂੰ ਹਾਰ ਪਾ ਕੇ ਇਸ ਅਹੁਦੇ ਲਈ ਸਨਮਾਨ ਦਿੱਤਾ ਗਿਆ | ਇਸ ਮੌਕੇ ਸੰਗਤ ਸਿੰਘ ਸੁਦਾਮਾਂ, ਅਸ਼ੋਕ ਕੁਮਾਰ, ਸੁਖਵਿੰਦਰ ਸਿੰਘ ਪ੍ਰੇਮ, ਕੌਂਸਲਰ ਰਜਿੰਦਰ ਸਿੰਘ ਲਾਡੀ, ਹਰਵਿੰਦਰ ਸਿੰਘ ਬਾਵਾ, ਸਰਬਜੀਤ ਸਿੰਘ ਬਬਲਾ ਆਦਿ ਹਾਜ਼ਰ ਸਨ |