ਨਡਾਲਾ, 3 ਮਈ (ਰਘਬਿੰਦਰ ਸਿੰਘ)-ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਵੱਲੋਂ ਜ਼ਿਲੇ੍ਹ ਵਿਚ ਖਾਦਾਂ ਦੀ ਪੂਰਤੀ ਵੰਡ ਅਤੇ ਉਪਲਬਧਤਾ ਦੀ ਜ਼ਮੀਨੀ ਜਾਂਚ ਲਈ ਖੇਤੀਬਾੜੀ ਮਹਿਕਮੇ ਅਤੇ ਕੋਆਪਰੇਟਿਵ ਮਹਿਕਮੇ ਨੂੰ ਨਾਲ ਲੈ ਕੇ ਬਲਾਕ ਨਡਾਲਾ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਸਾਨਾਂ ਕੋਲੋਂ ਖਾਦਾਂ ਨੂੰ ਲੈ ਕਿ ਆ ਰਹੀਆਂ ਸਮੱਸਿਆਵਾਂ ਨੂੰ ਸੁਣੀਆਂ | ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਖੇਤੀਬਾੜੀ ਅਤੇ ਕੋਆਪਰੇਟਿਵ ਮਹਿਕਮੇ ਦੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਕਿਸਾਨਾਂ ਨੂੰ ਖਾਦ ਲੈਣ ਲਈ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ | ਪਿੰਡਾਂ ਦੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਖਾਦ ਜ਼ਰੂਰੀ ਵਸਤਾਂ ਕਾਨੰੂਨ ਹੇਠ ਸਰਕਾਰ ਵੱਲੋਂ ਭਾਰੀ ਸਬਸਿਡੀ ਤੇ ਮੁਹੱਈਆ ਕਰਵਾਈ ਜਾਂਦੀ ਹੈ | ਇਸ ਲਈ ਕੋਈ ਵੀ ਡੀਲਰ ਅਤੇ ਕੋਆਪਰੇਟਿਵ ਸੋਸਾਇਟੀ ਕਿਸਾਨ ਨੂੰ ਖਾਦ ਦੇ ਨਾਲ ਕੋਈ ਵੀ ਸਮਾਨ ਗੈਰ ਜ਼ਰੂਰੀ ਚੀਜ਼ ਖ਼ਰੀਦਣ ਲਈ ਮਜਬੂਰ ਨਹੀਂ ਕਰ ਸਕਦੀ | ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਜੇਕਰ ਕੋਈ ਵੀ ਡੀਲਰ ਜਾਂ ਸੋਸਾਇਟੀ ਉਨ੍ਹਾਂ ਨੂੰ ਯੂਰੀਆ ਜਾਂ ਡੀ ਏ ਪੀ ਨਾਲ ਕਿਸੇ ਕਿਸਮ ਦਾ ਵੀ ਸਮਾਨ ਲੈਣ ਲਈ ਮਜਬੂਰ ਕਰਦਾ ਹੈ ਤਾਂ ਉਹ ਤੁਰੰਤ ਇਸ ਦੀ ਸ਼ਿਕਾਇਤ ਖੇਤੀਬਾੜੀ ਦਫ਼ਤਰ ਵਿਚ ਕਰਨ | ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਵਿਚ ਯੂਰੀਆ ਦੀ ਮੰਗ ਦੇ ਅਨੁਸਾਰ ਸਟਾਕ ਉਪਲਬਧ ਹਨ | ਕਿਸੇ ਤਰ੍ਹਾਂ ਦੀ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਦੇ ਉੱਪਰ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ | ਉਨ੍ਹਾਂ ਸਮੂਹ ਖਾਦ ਦੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਜੇਕਰ ਕਿਸੇ ਵੀ ਕੰਪਨੀ ਵੱਲੋਂ ਉਨ੍ਹਾਂ ਨੂੰ ਖਾਦ ਦੇ ਨਾਲ ਟੈਗਿੰਗ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਉਹ ਉਸ ਕੰਪਨੀ ਦੀ ਵੀ ਲਿਖਤ ਸ਼ਿਕਾਇਤ ਮਹਿਕਮੇ ਕੋਲ ਦਰਜ ਕਰਾਉਣ | ਉਨ੍ਹਾਂ ਸਮੂਹ ਡੀਲਰਾਂ ਨੂੰ ਸਖ਼ਤ ਤਾੜਨਾ ਕੀਤੀ ਕਿ ਕਿਸੇ ਵੀ ਡੀਲਰ ਵਿਰੁੱਧ ਟੈਗਿੰਗ ਜਮਾਖੋਰੀ ਜਾਂ ਕਾਲਾਬਾਜ਼ਾਰੀ ਸਾਬਿਤ ਹੋਣ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ |