ਕਪੂਰਥਲਾ, 9 ਮਈ (ਵਿਸ਼ੇਸ਼ ਪ੍ਰਤੀਨਿਧ)-ਕਰਮਚਾਰੀ ਰਾਜ ਬੀਮਾ ਯੋਜਨਾ ਤਹਿਤ 40 ਸਾਲ ਦੀ ਉਮਰ ਤੋਂ ਵੱਧ ਬੀਮਾ ਕਰਵਾ ਚੁੱਕੇ ਵਿਅਕਤੀਆਂ ਦੀ ਸਿਹਤ ਜਾਂਚ ਸਬੰਧੀ ਈ.ਐੱਸ.ਆਈ. ਹਸਪਤਾਲ ਫਗਵਾੜਾ ਵਿਚ ਈ.ਐੱਸ.ਆਈ. ਹਸਪਤਾਲ ਦੇ ਐੱਸ.ਐਮ.ਓ. ਡਾ. ਵਿਪਨ ਅਰੋੜਾ ਤੇ ਈ.ਐੱਸ.ਆਈ.ਸੀ. ਫਗਵਾੜਾ ਦੇ ਬਰਾਂਚ ਮੈਨੇਜਰ ਰਾਜ ਕੁਮਾਰ ਦੀ ਦੇਖ ਰੇਖ ਹੇਠ ਇਹ ਕੈਂਪ ਲਗਾਇਆ ਗਿਆ | ਜਿਸ ਵਿਚ ਵੱਡੀ ਗਿਣਤੀ ਵਿਚ ਬੀਮਾ ਕਰਵਾ ਚੁੱਕੇ ਵਿਅਕਤੀਆਂ ਦੀ ਸਿਹਤ ਸਬੰਧੀ ਮੁਫ਼ਤ ਜਾਂਚ ਕਰਕੇ ਉਨ੍ਹਾਂ ਦੇ ਖ਼ੂਨ ਦੇ ਟੈੱਸਟ, ਛਾਤੀ ਦੇ ਐਕਸਰੇ ਤੇ ਈ.ਸੀ.ਜੀ. ਵੀ ਕੀਤੀ ਗਈ | ਬਰਾਂਚ ਮੈਨੇਜਰ ਰਾਜੂ ਕੁਮਾਰ ਨੇ ਦੱਸਿਆ ਕਿ ਕਰਮਚਾਰੀ ਰਾਜ ਬੀਮਾ ਯੋਜਨਾ ਤਹਿਤ 40 ਸਾਲ ਤੋਂ ਵੱਧ ਉਮਰ ਦੇ ਬੀਮਾ ਕਰਵਾਕੇ ਚੁੱਕੇ ਵਿਅਕਤੀਆਂ ਦੀ ਸਾਲਾਨਾ ਸਿਹਤ ਜਾਂਚ ਸਬੰਧੀ ਦੇਸ਼ ਵਿਆਪੀ ਇਕ ਮੁਹਿੰਮ ਚਲਾਈ ਗਈ ਹੈ ਤੇ ਇਹ ਪਹਿਲ ਕਰਮਚਾਰੀ ਰਾਜ ਬੀਮਾ ਨਿਗਮ ਦੀ ਮਜ਼ਦੂਰਾਂ ਦੀ ਸਿਹਤ ਸੰਭਾਲ ਤੇ ਉਨ੍ਹਾਂ ਦੀ ਭਲਾਈ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ | ਬਰਾਂਚ ਮੈਨੇਜਰ ਨੇ ਦੱਸਿਆ ਕਿ ਈ.ਐੱਸ.ਆਈ. ਯੋਜਨਾ ਤਹਿਤ ਹਰ ਵਰ੍ਹੇ ਇਹ ਜਾਂਚ ਕਰਵਾਉਣੀ ਲਾਜ਼ਮੀ ਕੀਤੀ ਗਈ ਹੈ ਤਾਂ ਜੋ ਵੱਖ-ਵੱਖ ਰੋਗਾਂ ਦੀ ਸਮਾਂ ਰਹਿੰਦੇ ਪਹਿਚਾਣ ਕਰਕੇ ਉਨ੍ਹਾਂ ਦਾ ਲੋੜੀਂਦਾ ਇਲਾਜ ਕੀਤਾ ਜਾ ਸਕੇ | ਇਸ ਨਾਲ ਮਜ਼ਦੂਰਾਂ ਦੀ ਸਿਹਤ ਵਿਚ ਸੁਧਾਰ ਲਿਆਂਦਾ ਜਾ ਸਕਦਾ ਹੈ | ਇੱਥੇ ਵਰਨਣਯੋਗ ਹੈ ਕਿ ਸਰਕਾਰ ਵਲੋਂ ਕੋਡ ਆਨ ਸੋਸ਼ਲ ਸਕਿਉਰਿਟੀ 2020 ਨੂੰ ਲਾਗੂ ਕਰਨ ਲਈ ਮਜ਼ਦੂਰਾਂ ਦੀ ਭਲਾਈ ਲਈ ਕਈ ਮਹੱਤਵਪੂਰਨ ਕਾਰਜ ਕੀਤੇ ਜਾ ਰਹੇ ਹਨ |