ਭਾਜਪਾ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਜ਼ਿਲ੍ਹੇ ਦੇ ਚਾਰ ਹਲਕਿਆਂ ਵਿਚ ਹਲਕਾ ਇੰਚਾਰਜ ਨਿਯੁਕਤ
ਅਜੀਤ ਡੈਸਕ
10-05-2026
ਕਪੂਰਥਲਾ, 9 ਮਈ (ਅਮਰਜੀਤ ਕੋਮਲ)-ਨਗਰ ਨਿਗਮ ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਹੇਠਲੇ ਪੱਧਰ ਤੱਕ ਹੋਰ ਮਜ਼ਬੂਤ ਕਰਨ ਦੇ ਮਨੋਰਥ ਨਾਲ ਭਾਜਪਾ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਪਾਰਟੀ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਤੇ ਸੂਬਾਈ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਹਦਾਇਤਾਂ ਅਨੁਸਾਰ ਕਪੂਰਥਲਾ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਦੇ ਪ੍ਰਮੁੱਖ ਆਗੂਆਂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਹੈ | ਰਣਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਸੀਨੀਅਰ ਭਾਜਪਾ ਆਗੂ ਰਾਜੀਵ ਪਾਹਵਾ ਨੂੰ ਫਗਵਾੜਾ ਵਿਧਾਨ ਸਭਾ ਹਲਕੇ, ਐਡਵੋਕੇਟ ਹੈਰੀ ਸ਼ਰਮਾ ਨੂੰ ਕਪੂਰਥਲਾ ਵਿਧਾਨ ਸਭਾ ਹਲਕੇ, ਕਪੂਰ ਚੰਦ ਥਾਪਰ ਨੂੰ ਭੁਲੱਥ ਵਿਧਾਨ ਸਭਾ ਹਲਕੇ ਤੇ ਅਸ਼ਵਨੀ ਤੁਲੀ ਨੂੰ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਨਵਨਿਯੁਕਤ ਹਲਕਾ ਇੰਚਾਰਜਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਹਲਕੇ ਵਿਚ ਸੰਗਠਨ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕਰਨ ਤੇ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇ ਤਾਂ ਜੋ ਪਾਰਟੀ ਨੂੰ ਨਗਰ ਨਿਗਮ ਤੇ ਵਿਧਾਨ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਦਿਵਾਈ ਜਾ ਸਕੇ | ਉਨ੍ਹਾਂ ਕਿਹਾ ਕਿ ਸੰਗਠਨ ਦੀ ਮਜ਼ਬੂਤੀ ਦੇ ਨਾਲ-ਨਾਲ ਪਾਰਟੀ ਵਿਚ ਸਭ ਤੋਂ ਹੇਠਲੇ ਬੂਥ ਪੱਧਰ 'ਤੇ ਕੰਮ ਕਰ ਰਹੇ ਵਰਕਰਾਂ ਤੇ ਸਿਖਰਲੇ ਪੱਧਰ 'ਤੇ ਕੰਮ ਕਰਨ ਵਾਲੇ ਪਾਰਟੀ ਆਗੂਆਂ ਨਾਲ ਵੀ ਤਾਲਮੇਲ ਯਕੀਨੀ ਬਣਾਇਆ ਜਾਵੇ | ਇਸ ਮੌਕੇ ਨਵਨਿਯੁਕਤ ਹਲਕਾ ਇੰਚਾਰਜਾਂ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੂੰ ਭਰੋਸਾ ਦਿਵਾਇਆ ਕਿ ਉਹ ਆਪੋ ਆਪਣੇ ਵਿਧਾਨ ਸਭਾ ਹਲਕਿਆਂ ਵਿਚ ਸੰਗਠਨ ਦੀ ਮਜ਼ਬੂਤੀ ਲਈ ਸਮਰਪਣ ਦੀ ਭਾਵਨਾ ਨਾਲ ਦਿਨ ਰਾਤ ਇਕ ਕਰਕੇ ਕੰਮ ਕਰਨਗੇ ਤੇ ਬੂਥ ਪੱਧਰ ਦੇ ਵਰਕਰਾਂ ਨਾਲ ਵੀ ਨਿਰੰਤਰ ਸੰਪਰਕ ਕੀਤਾ ਜਾਵੇਗਾ |