ਸੁਲਤਾਨਪੁਰ ਲੋਧੀ, 22 ਮਈ (ਨਰੇਸ਼ ਹੈਪੀ)-ਪੰਜਾਬ ਦੀ ਆਪ ਸਰਕਾਰ ਵੱਲੋਂ ਰਾਸ਼ਨ ਕਿੱਟਾਂ ਵੰਡਣ ਤੇ ਹਲਕਾ ਸੁਲਤਾਨਪੁਰ ਲੋਧੀ ਦੇ ਅਕਾਲੀ ਆਗੂਆਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ | ਉਨ੍ਹਾਂ ਮੌਕੇ ਤੇ ਜਾ ਕੇ ਕਿੱਟਾਂ ਵੰਡਣ ਦਾ ਵਿਰੋਧ ਵੀ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਸਮਾਂ ਚੋਣ ਜ਼ਾਬਤੇ ਦਾ ਹੈ ਅਤੇ ਇਸ ਦੌਰਾਨ ਅਜਿਹਾ ਸਮਾਨ ਵੰਡਣਾ ਸ਼ਰੇਆਮ ਚੋਣ ਜ਼ਾਬਤੇ ਦੀ ਉਲੰਘਣਾ ਹੈ | ਉਨ੍ਹਾਂ ਦੱਸਿਆ ਕਿ ਇਹ ਮਾਮਲਾ ਸਥਾਨਕ ਚੋਣ ਅਧਿਕਾਰੀ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਹੈ | ਆਪਣਾ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਆਪਣੀ ਤਾਕਤ ਦੀ ਦੁਰਵਰਤੋਂ ਕਰ ਰਹੀ ਹੈ | ਇਸ ਮੌਕੇ ਇੰਜ: ਸਵਰਨ ਸਿੰਘ ਨੇ ਕਿਹਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਮਾਨ ਸਰਕਾਰ ਦੀ ਬੌਖਲਾਹਟ ਦੀ ਨਿਸ਼ਾਨੀ ਹੈ | ਉਨ੍ਹਾਂ ਕਿਹਾ ਕਿ ਇਹ ਚੋਣਾਂ ਅਜੇ ਸਰਕਾਰ ਲਈ ਇੱਕ ਟਰੇਲਰ ਹੀ ਹਨ ਜਦਕਿ ਅਸਲੀ ਫ਼ਿਲਮ 2027 ਦੀਆਂ ਚੋਣਾਂ ਵਿਚ ਪੰਜਾਬ ਸਰਕਾਰ ਨੂੰ ਵੇਖਣ ਨੂੰ ਮਿਲੇਗੀ | ਅਕਾਲੀ ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਕਿ ਇਹ ਸਭ ਕੁੱਝ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਨਾਲ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਦਾ ਖ਼ਮਿਆਜ਼ਾ ਮੌਜੂਦਾ ਸਰਕਾਰ ਨੂੰ ਇਹਨਾਂ ਨਗਰ ਕੌਂਸਲ ਚੋਣਾਂ ਵਿਚ ਭੁਗਤਨਾ ਪਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਕੁਲਦੀਪ ਸਿੰਘ ਬੋਲੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੁਆਬਾ ਜੋਨ ਐੱਸ ਸੀ ਵਿੰਗ, ਸਾਬਕਾ ਚੇਅਰਮੈਨ ਅਵਤਾਰ ਸਿੰਘ ਮੀਰੇ, ਯੂਥ ਅਕਾਲੀ ਆਗੂ ਇੰਦਰਜੀਤ ਸਿੰਘ ਜੋਸਨ, ਬਲਾਕ ਪ੍ਰਧਾਨ ਸਰਪੰਚ ਮਨਜੀਤ ਸਿੰਘ ਗੋਲਡੀ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਹਾਜੀਪੁਰ, ਯੂਥ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਰਬਾਰਾ ਸਿੰਘ ਵਿਰਦੀ, ਬੀਬੀ ਬਲਜੀਤ ਕੌਰ ਕਮਾਲਪੁਰ, ਯੂਥ ਆਗੂ ਵਿਕਰਮਜੀਤ ਸਿੰਘ ਬਿੱਕਾ, ਵਾਰਡ ਨੰਬਰ ਨੌ ਤੋਂ ਅਕਾਲੀ ਦਲ ਦੇ ਉਮੀਦਵਾਰ ਸਿਮਰਜੀਤ ਧੀਰ ਆਦਿ ਵੀ ਹਾਜ਼ਰ ਸਨ | ਇਸ ਸੰਬੰਧ ਵਿਚ ਚੋਣ ਅਧਿਕਾਰੀ ਕਮ ਐੱਸ ਡੀ ਐਮ ਅਮਨਪਾਲ ਸਿੰਘ ਨਾਲ ਵਾਰ ਵਾਰ ਫ਼ੋਨ ਕਰਨ ਦੇ ਵੀ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ | ਉਨ੍ਹਾਂ ਦੇ ਦਫ਼ਤਰ ਨਾਲ ਸੰਪਰਕ ਕਰਨ ਤੇ ਸਟੈਨੋ ਜਗਦੀਸ਼ ਲਾਲ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ ਅਤੇ ਸੰਬੰਧਿਤ ਜਗ੍ਹਾ ਤੇ ਟੀਮ ਭੇਜ ਦਿੱਤੀ ਗਈ ਹੈ |