ਖਲਵਾੜਾ, 25 ਮਈ (ਮਨਦੀਪ ਸਿੰਘ ਸੰਧੂ)-ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੇ ਪੂਰੇ ਪੰਜਾਬ ਦੇ 2004 ਤੋਂ ਬਾਅਦ ਭਰਤੀ ਐੱਨ.ਪੀ.ਐੱਸ. ਕਰਮਚਾਰੀਆਂ ਨੇ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਲੰਬੇ ਸਮੇਂ ਤੋਂ ਇਸ ਮੁੱਦੇ ਤੇ ਸੰਘਰਸ਼ ਕਰ ਰਹੀਆਂ ਤਿੰਨ ਜਥੇਬੰਦੀਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ, ਸੀ.ਪੀ.ਐਫ. ਕਰਮਚਾਰੀ ਯੂਨੀਅਨ ਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਦੇ ਆਗੂਆਂ ਪਰਮਿੰਦਰ ਪਾਲ ਸਿੰਘ ਤੇ ਸੰਗਤ ਰਾਮ ਨੇ ਪੁਰਾਣੀ ਪੈਨਸ਼ਨ ਬਹਾਲੀ ਸਾਂਝਾਂ ਮੰਚ ਦੇ ਬੈਨਰ ਹੇਠ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਦੇ ਆਪਣੇ ਚੋਣ ਵਾਅਦੇ ਤੋਂ ਮੁਨਕਰ ਹੋ ਗਈ ਹੈ ਤੇ ਚਾਰ ਸਾਲ ਬੀਤ ਜਾਣ ਬਾਅਦ ਵੀ ਆਪਣਾ ਹੀ ਪੁਰਾਣੀ ਪੈਨਸ਼ਨ ਬਹਾਲੀ ਦਾ 18 ਨਵੰਬਰ 2022 ਦਾ ਨੋਟੀਫ਼ਿਕੇਸ਼ਨ ਲਾਗੂ ਕਰਨਾ ਭੁੱਲ ਗਈ ਹੈ | ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਰੋਸ ਵਜੋਂ ਮੰਚ ਨੇ ਫ਼ੈਸਲਾ ਕੀਤਾ ਹੈ ਕਿ 28 ਮਈ ਨੂੰ ਪੰਜਾਬ ਸਰਕਾਰ ਦੇ ਨਾਲ ਮੱਝ ਦੇ ਬੈਨਰ ਅੱਗੇ ਬੀਨ ਵਜਾਉਣਗੇ ਕਿਉਂਕਿ ਸਰਕਾਰ ਹੁਣ ਮੁਲਾਜ਼ਮ ਮੰਗਾਂ ਨੂੰ ਅਣਗੌਲਿਆ ਤੇ ਲਗਾਤਾਰ ਅਣਡਿੱਠ ਕਰ ਰਹੀ ਹੈ | 4 ਜੁਲਾਈ ਨੂੰ ਮੋਗਾ ਵਿਖੇ ਕਨਵੈੱਨਸ਼ਨ ਕੀਤੀ ਜਾਵੇਗੀ ਤੇ ਇਸ ਕਨਵੈੱਨਸ਼ਨ ਵਿਚ ਮੁੱਖ ਮੰਤਰੀ ਤੇ ਵਿੱਤ ਮੰਤਰੀ ਨੂੰ ਵਿਸ਼ੇਸ਼ ਸੱਦਾ ਦਿੱਤਾ ਜਾਵੇਗਾ ਤੇ ਉਨ੍ਹਾਂ ਦੀਆਂ ਕੁਰਸੀਆਂ ਵੀ ਲਗਾਈਆਂ ਜਾਣਗੀਆਂ ਤਾਂ ਕਿ ਉਹ ਮੁਲਾਜ਼ਮਾਂ ਦੇ ਭਖਦੇ ਮਸਲਿਆਂ ਤੇ ਆਪਣੇ ਵਿਚਾਰ ਸਾਂਝੇ ਕਰਨ ਜੇਕਰ ਮੁੱਖ ਮੰਤਰੀ ਇਸ ਕਨਵੈੱਨਸ਼ਨ ਵਿਚ ਨਾ ਆਏ ਤਾਂ 23 ਅਗਸਤ ਨੂੰ ਪਿੰਡ ਸਤੌਜ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਵਲੋਂ ਮਹਾ ਰੈਲੀ ਕੀਤੀ ਜਾਵੇਗੀ ਜਿਸ ਸਬੰਧੀ ਕਰਮਚਾਰੀਆਂ ਨੇ ਆਪਣੀਆਂ ਬਲਾਕ ਪੱਧਰੀ ਤੋਂ ਤਿਆਰੀਆਂ ਵਿੱਢ ਦਿੱਤੀਆਂ ਹਨ | ਇਸ ਮੌਕੇ 'ਤੇ ਜਸਵੀਰ ਭੰਗੂ, ਅੰਮਿ੍ਤ ਪਾਲ ਸਿੰਘ, ਰਾਮ ਪਾਲ, ਰਵਿੰਦਰ ਸਿੰਘ, ਤੀਰਥ ਸਿੰਘ, ਗੌਰਵ ਰਾਠੌਰ, ਜਸਵੀਰ ਸਿੰਘ ਸੈਣੀ, ਹਰਸਿਮਰਨ ਸਿੰਘ, ਨੀਲਮ ਰਾਣੀ, ਨੀਲਮ ਸੂਦ, ਹੰਸ ਰਾਜ, ਕੁਲਵਿੰਦਰ ਰਾਏ ਆਦਿ ਆਗੂ ਹਾਜ਼ਰ ਸਨ |