ਕਪੂਰਥਲਾ, 14 ਜੂਨ (ਵਿਸ਼ੇਸ਼ ਪ੍ਰਤੀਨਿਧ)-ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈ ਰਹੇ ਕਿਸਾਨਾਂ ਲਈ ਐਗਰੀਸਟੈਕ ਦੇ ਆਨਲਾਈਨ ਪੋਰਟਲ ‘ਤੇ ਫਾਰਮਰ ਰਜਿਸਟਰੀ ਤਹਿਤ ਰਜਿਸਟਰ ਹੋ ਕੇ ਆਪਣੀ ਫਾਰਮਰ ਆਈ.ਡੀ. ਬਣਾਉਣਾ ਲਾਜ਼ਮੀ ਹੈ | ਇਹ ਗੱਲ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕਹੀ | ਉਨ੍ਹਾਂ ਕਿਹਾ ਕਿ ਫਾਰਮ ਰਜਿਸਟਰੀ ਕਰਵਾਉਣ ਦਾ ਮੁੱਖ ਉਦੇਸ਼ ਕਿਸਾਨਾਂ ਦਾ ਕੇਂਦਰੀ ਡਾਟਾ ਬੇਸ ਬਣਾਉਣਾ ਹੈ ਤਾਂ ਜੋ ਸਰਕਾਰੀ ਸਹਾਇਤਾ ਸਿੱਧੇ ਤੌਰ ‘ਤੇ ਪਾਰਦਰਸ਼ੀ ਢੰਗ ਨਾਲ ਲਾਭ ਪਾਤਰੀਆਂ ਤੱਕ ਪਹੁੰਚਾਈ ਜਾ ਸਕੇ | ਉਨ੍ਹਾਂ ਕਿਹਾ ਕਿ ਇਸ ਯੋਜਨਾ ਦੀਆਂ ਅਗਲੀਆਂ ਕਿਸ਼ਤਾਂ ਕੇਵਲ ਉਨ੍ਹਾਂ ਕਿਸਾਨਾਂ ਨੂੰ ਮਿਲਣਗੀਆਂ, ਜਿਨ੍ਹਾਂ ਦੀ ਰਜਿਸਟਰੇਸ਼ਨ ਮੁਕੰਮਲ ਹੋਈ ਹੋਵੇਗੀ ਤੇ ਰਜਿਸਟਰੇਸ਼ਨ ਨਾ ਹੋਣ ਦੀ ਸੂਰਤ ਵਿਚ ਕਿਸ਼ਤਾਂ ‘ਤੇ ਰੋਕ ਲੱਗ ਸਕਦੀ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰੇਕ ਕਿਸਾਨ ਨੂੰ ਇਕ ਵਿਲੱਖਣ ਪਹਿਚਾਣ ਨੰਬਰ ਮਿਲੇਗਾ, ਜੋ ਖੇਤੀਬਾੜੀ ਵਿਭਾਗ ਦੀਆਂ ਸਾਰੀਆਂ ਸਹੂਲਤਾਂ ਲਈ ਇਕੋ ਇਕ ਆਧਾਰ ਹੋਵੇਗਾ | ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਬਿਨ੍ਹਾਂ ਕਿਸੇ ਦੇਰੀ ਦੇ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.), ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ, ਪੀ.ਏ.ਸੀ.ਐਸ. ਬੀਜ ਅਤੇ ਖਾਦ ਦੇ ਡੀਲਰਾਂ ਪਾਸੋਂ ਰਜਿਸਟਰੇਸ਼ਨ ਕਰਵਾਉਣ | ਉਨ੍ਹਾਂ ਕਿਹਾ ਕਿ ਰਜਿਸਟਰੇਸ਼ਨ ਲਈ ਆਧਾਰ ਕਾਰਡ, ਖੇਤ ਦੀ ਜਮਾਂਬੰਦੀ, ਆਧਾਰ ਨਾਲ ਿਲੰਕ ਮੋਬਾਈਲ ਫ਼ੋਨ ਦਸਤਾਵੇਜ਼ ਜ਼ਰੂਰੀ ਹਨ | ਇਸ ਲਈ ਕਿਸਾਨ ਬਲਾਕ ਖੇਤੀਬਾੜੀ ਦਫ਼ਤਰ ਨਾਲ ਵੀ ਸੰਪਰਕ ਕਰ ਸਕਦੇ ਹਨ | ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ‘ਤੇ ਸੰਪਰਕ ਕਰਨ |