ਕਪੂਰਥਲਾ, 24 ਜੂਨ (ਅਮਰਜੀਤ ਕੋਮਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਧੀਨ ਚੱਲ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਲੋਂ ਵਿਸ਼ੇਸ਼ ਗੁਣਾ ਵਾਲੀਆਂ ਕਣਕ ਦੀਆਂ ਕਿਸਮਾਂ ਸਬੰਧੀ ਕਿਸਾਨਾਂ ਤੇ ਖਪਤਕਾਰਾਂ ਨੂੰ ਜਾਗਰੂਕ ਕਰਨ ਦੇ ਮਨੋਰਥ ਨਾਲ ਇਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ , ਜਿਸਦਾ ਉਦਘਾਟਨ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਉੱਘੇ ਵਾਤਾਵਰਨ ਪ੍ਰੇਮੀ ਤੇ ਮੈਂਬਰ ਰਾਜ ਸਭਾ ਨੇ ਕੀਤਾ | ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਕੀਤੇ ਗਏ ਇਸ ਉਪਰਾਲੇ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਸਮਾਜ ਦੀਆਂ ਬਦਲਦੀਆਂ ਪੋਸ਼ਣ ਤੇ ਸਿਹਤ ਸਬੰਧੀ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਵਿਕਸਿਤ ਕੀਤੀਆਂ ਗਈਆਂ ਕਣਕ ਦੀਆਂ ਕਿਸਮਾਂ ਲੋਕਾਂ ਦੀ ਸਿਹਤ ਵਿਚ ਸੁਧਾਰ ਲਿਆਉਣ ਵਿਚ ਮਹੱਤਵਪੂਰਨ ਭੂਮਿਕਾ ਲਿਆ ਸਕਦੀਆਂ ਹਨ | ਉਨ੍ਹਾਂ ਪੌਸ਼ਟਿਕ ਭੋਜਨ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਸਾਨਾਂ ਤੇ ਖਪਤਕਾਰਾਂ ਨੂੰ ਵਿਗਿਆਨਕ ਤਰੀਕੇ ਨਾਲ ਵਿਕਸਿਤ ਫ਼ਸਲੀ ਕਿਸਮਾਂ ਅਪਣਾਉਣ ਲਈ ਪ੍ਰੇਰਿਤ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਇੰਚਾਰਜ ਡਾ. ਹਰਿੰਦਰ ਸਿੰਘ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਆਪਣੇ ਫਾਰਮ ‘ਤੇ ਇਨ੍ਹਾਂ ਵਿਸ਼ੇਸ਼ ਕਣਕ ਦੀਆਂ ਕਿਸਮਾਂ ਦੀ ਕਾਸ਼ਤ ਕਰਕੇ ਵਿਸ਼ੇਸ਼ ਆਟਾ ਤਿਆਰ ਕਰਨ ਦੀ ਪਹਿਲਕਦਮੀ ਕੀਤੀ ਹੈ | ਉਨ੍ਹਾਂ ਕਿਹਾ ਕਿ ਕਿਸਮਾਂ ਪੋਸ਼ਣ ਸੁਰੱਖਿਆ ਨੂੰ ਮਜ਼ਬੂਤ ਕਰਨ, ਨਵੇਂ ਬਾਜ਼ਾਰ ਦੇ ਮੌਕੇ ਪੈਦਾ ਕਰਨ ਤੇ ਸਿਹਤਮੰਦ ਖ਼ੁਰਾਕ ਪ੍ਰਤੀ ਖ਼ਪਤਕਾਰਾਂ ਵਿਚ ਜਾਗਰੂਕਤਾ ਪੈਦਾ ਕਰਨ ਵਿਚ ਅਹਿਮ ਯੋਗਦਾਨ ਪਾ ਰਹੀਆਂ ਹਨ | ਉਨ੍ਹਾਂ ਕਿਸਾਨਾਂ ਤੇ ਖ਼ਪਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਉਣ ਵਾਲੇ ਸੀਜ਼ਨ ਵਿਚ ਇਨ੍ਹਾਂ ਕਿਸਮਾਂ ਦੀ ਗੁਣਵੱਤਾ, ਯੁਕਤ ਬੀਜ ਕ੍ਰਿਸ਼ੀ ਵਿਗਿਆਨ ਕੇਂਦਰ ਰਾਹੀਂ ਕਿਸਾਨਾਂ ਨੂੰ ਉਪਲਬਧ ਕਰਵਾਇਆ ਜਾਵੇਗਾ ਤਾਂ ਜੋ ਇਨ੍ਹਾਂ ਦੀ ਵੱਡੀ ਪੱਧਰ ‘ਤੇ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾ ਸਕੇ | ਡਾ. ਹਰਿੰਦਰ ਸਿੰਘ ਨੇ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਖੇਤੀਬਾੜੀ ਖੋਜ ਅਤੇ ਖੇਤੀ ਨਾਲ ਸਬੰਧਿਤ ਜੁੜੇ ਉਪਭੋਗਤਾਵਾਂ ਦਰਮਿਆਨ ਪੁਲ ਦਾ ਕੰਮ ਕਰ ਰਿਹਾ ਹੈ | ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਬਿੰਦੂ ਖੇਤੀ ਇੰਜੀਨੀਅਰਿੰਗ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਚਾਰ ਵਿਸ਼ੇਸ਼ ਗੁਣਾ ਵਾਲੀਆਂ ਵਿਕਸਿਤ ਕੀਤੀਆਂ ਗਈਆਂ ਕਣਕ ਦੀਆਂ ਕਿਸਮਾਂ ਪੀਬੀਡਬਲਯੂ ਆਰ.ਐਸ.-1, ਪੀਬੀਡਬਲਯੂ ਜੈੱਡ ਐਨ-1, ਪੀਬੀਡਬਲਯੂ ਚਪਾਤੀ-1, ਪੀਬੀਡਬਲਯੂ ਬਿਸਕੁਟ-1 ਦੇ ਵਿਸ਼ੇਸ਼ ਗੁਣਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਕ੍ਰਿਸ਼ੀ ਵਿਗਿਆਨ ਕੇਂਦਰ ਦੇ ਗ੍ਰਹਿ ਵਿਗਿਆਨ ਵਿਭਾਗ ਦੀ ਸਹਾਇਕ ਪ੍ਰੋ. ਅਵਨੀਤ ਕੌਰ ਨੇ ਕਾਰਜਕਾਰੀ ਭੋਜਨ ਦੀ ਵੱਧ ਰਹੀ ਮੰਗ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਨ੍ਹਾਂ ਵਿਸ਼ੇਸ਼ ਕਣਕ ਉਤਪਾਦਾਂ ਦੇ ਮੁੱਲ ਵਿਚ ਵਾਧਾ ਤੇ ਨਿਸ਼ਾਨਾ ਆਧਾਰਤ ਮਾਰਕੀਟਿੰਗ ਰਾਹੀਂ ਕਿਸਾਨਾਂ, ਉਦਮੀਆਂ ਤੇ ਸਵੈ ਸਹਾਇਤਾ ਸਮੂਹਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਸਕਦੇ ਹਨ | ਸਮਾਗਮ ਦੌਰਾਨ ਜ਼ਿਲੇ੍ਹ ਦੇ ਵੱਖ-ਵੱਖ ਵਿਭਾਗਾਂ ਤੋਂ ਆਏ ਅਗਾਂਹਵਧੂ ਕਿਸਾਨਾਂ, ਖੇਤੀ ਵਿਕਾਸ ਅਧਿਕਾਰੀਆਂ, ਗ੍ਰਹਿਣੀਆਂ, ਉਦਮੀਆਂ, ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਤੇ ਅਧਿਆਪਕਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਘਰੇਲੂ ਵਰਤੋਂ ਦੇ ਨਾਲ-ਨਾਲ ਊਦਮਸ਼ੀਲਤਾ ਲਈ ਵੀ ਇਨ੍ਹਾਂ ਵਿਸ਼ੇਸ਼ ਗੁਣਾ ਵਾਲੀਆਂ ਕਣਕ ਦੀਆਂ ਕਿਸਮਾਂ ਨੂੰ ਅਪਣਾਉਣ |
ਹੈਰੋਇਨ ਸਮੇਤ ਇਕ ਕਾਬੂ
ਕਪੂਰਥਲਾ, 24 ਜੂਨ (ਸਡਾਨਾ)-ਥਾਣਾ ਸਿਟੀ ਪੁਲਿਸ ਨੇ ਇਕ ਔਰਤ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਹਵਾਲਦਾਰ ਬਲਜੀਤ ਸਿੰਘ ਨੇ ਕਾਂਜਲੀ ਰੋਡ ‘ਤੇ ਸੁਖ ਸਾਗਰ ਕਲੋਨੀ ਨੇੜੇ ਗਸ਼ਤ ਦੌਰਾਨ ਮਹਿਲਾ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਕਥਿਤ ਦੋਸ਼ਣ ਲਖਵਿੰਦਰ ਕੌਰ ਵਾਸੀ ਉੱਚਾ ਧੋੜਾ ਨੂੰ ਕਾਬੂ ਕਰਕੇ ਜਦੋਂ ਉਸਦੀ ਜਾਂਚ ਕੀਤੀ ਤਾਂ ਉਕਤ ਔਰਤ ਪਾਸੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ | ਜਿਸ ਤਹਿਤ ਉਸ ਵਿਰੁੱਧ ਥਾਣਾ ਸਿਟੀ ਵਿਖੇ ਕੇਸ ਦਰਜ ਕਰਕੇ ਉਸਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |
ਕਣਕ ਦੀਆਂ ਵਿਸ਼ੇਸ਼ ਗੁਣਾਂ ਵਾਲੀਆਂ ਕਿਸਮਾਂ ਲੋਕਾਂ ਦੀ ਸਿਹਤ ਵਿਚ ਸੁਧਾਰ ਲਿਆਉਣ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ- ਸੰਤ ਸੀਚੇਵਾਲ
ਅਜੀਤ ਡੈਸਕ
25-06-2026