ਕਾਲਾ ਸੰਘਿਆਂ, 25 ਜੂਨ (ਬਲਜੀਤ ਸਿੰਘ ਸੰਘਾ)-ਪੀਰ ਬਾਬਾ ਸੁਧਾਰ ਗਾਜੀ ਨਾਰਾਂਵਾਲੀ ਕੋਹਾਲਾ, ਵਿਖੇ ਸਵਰਗੀ ਸੇਵਾਦਾਰ ਸੋਨੀ ਭਗਤ ਜੀ ਦੀ ਯਾਦ ਨੂੰ ਸਮਰਪਿਤ ਰੱਖ ਕੇ ਗੱਦੀ ਨਸ਼ੀਨ ਚੌਧਰੀ ਪ੍ਰਕਾਸ਼ ਦੀ ਅਗਵਾਈ ਹੇਠ ਸਮੂਹ ਪ੍ਰਬੰਧਕ ਕਮੇਟੀ, ਐਨ.ਆਰ.ਆਈਜ਼ ਵੀਰ ਤੇ ਸਮੂਹ ਨਗਰ ਨਿਵਾਸੀ ਪਿੰਡ ਨਾਰਾਵਾਲੀ ਕੋਹਾਲਾ ਵੱਲੋਂ ਸਾਲਾਨਾ ਮੇਲਾ 27 ਜੂਨ ਦਿਨ ਸ਼ਨੀਵਾਰ ਨੂੰ ਬਹੁਤ ਹੀ ਸ਼ਰਧਾ ਭਾਵਨਾ ਤੇ ਸ਼ਾਨੋ-ਸ਼ੌਕਤ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਮੇਲੇ ਨੂੰ ਯਾਦਗਾਰੀ ਬਣਾਉਣ ਲਈ ਮੇਲੇ ਦੀਆਂ ਤਿਆਰੀਆਂ ਤਕਰੀਬਨ ਮੁਕੰਮਲ ਕਰ ਲਈਆਂ ਗਈਆਂ ਹਨ | ਮੇਲੇ ਦੇ ਪ੍ਰਬੰਧਕ ਤੇ ਸਭਿਆਚਾਰਕ ਪ੍ਰਮੋਟਰ ਸੋਢੀ ਨਾਗਰਾ ਕੈਨੇਡਾ ਤੇ ਅਵਤਾਰ ਸਿੰਘ ਨਾਗਰਾ ਕੈਨੇਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲਾਨਾ ਸਭਿਆਚਾਰਕ ਮੇਲੇ ਦੌਰਾਨ ਸਵੇਰੇ 10 ਵਜੇ ਤੋਂ ਦੇਰ ਸ਼ਾਮ ਤੱਕ ਸਿਰਫ਼ ਸੱਦੇ ਹੋਏ ਕਲਾਕਾਰਾਂ ਵੱਲੋਂ ਹੀ ਆਪਣੀ ਗਾਇਕੀ ਦੀ ਪੇਸ਼ਕਾਰੀ ਕੀਤੀ ਜਾਵੇਗੀ| ਉਨ੍ਹਾਂ ਦੱਸਿਆ ਕਿ ਮੇਲੇ ਵਿਚ ਪ੍ਰਸਿੱਧ ਪੰਜਾਬੀ ਗਾਇਕ ਬਾਗੀ, ਗੁਰਵੀਰ ਸਿੱਧੂ ਤੇ ਅਮਨ ਵਿਰਕ ਤੋਂ ਇਲਾਵਾ ਗਾਇਕਾ ਕਿਰਨ ਸ਼ਰਮਾ ਤੇ ਸਵਰਨ ਚੰਦ ਲਹਿਰੀ ਆਪਣੀ ਗਾਇਕੀ ਦੇ ਨਾਲ ਸਰੋਤਿਆਂ ਦਾ ਭਰਪੂਰ ਮਨੋਰੰਜਨ ਕਰਨਗੇ | ਨਾਗਰਾ ਹੋਰਾਂ ਅੱਗੇ ਦੱਸਿਆ ਕਿ ਇਸ ਮੇਲੇ ਦੌਰਾਨ ਦਰਸ਼ਕਾਂ ਲਈ ਲੱਕੀ ਡਰਾਅ ਕੂਪਨ ਕੱਢੇ ਜਾਣਗੇ, ਜਿਸ ਵਿਚ 5 ਸਾਈਕਲ, ਇਕ ਐਲ.ਈ.ਡੀ. ਅਤੇ 4 ਛੱਤ ਵਾਲੇ ਪੱਖੋਂ ਕੱਢੇ ਜਾਣਗੇ| ਲੱਕੀ ਡਰਾਅ ਕੂਪਨ ਵੰਡਣ ਦਾ ਸਮਾਂ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਹੀ ਹੋਵੇਗਾ| ਮੇਲੇ ਵਿਚ ਇਸ ਵਾਰ ਵਿਲੱਖਣ ਕਾਰਜ ਕਰਦਿਆਂ ਸਭ ਤੋਂ ਵੱਧ ਉਮਰ ਵਾਲੇ ਦਰਸ਼ਕ ਬਜ਼ੁਰਗ ਬਾਬੇ ਨੂੰ ਸੋਨੇ ਦੀ ਮੁੰਦਰੀ ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ, ਜਿਸ ਲਈ ਉਸ ਵੱਲੋਂ ਆਪਣੇ ਨਾਲ ਦੋ ਸ਼ਨਾਖ਼ਤੀ ਪਰੂਫ਼ ਲੈ ਕੇ ਆਉਣੇ ਲਾਜ਼ਮੀ ਹੋਣਗੇ | ਮੇਲੇ ਦੌਰਾਨ ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਹੋਣਗੇ ਜਦਕਿ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ| ਪ੍ਰਸਿੱਧ ਮਿਊਜ਼ਿਕ ਡਾਇਰੈਕਟ ਕੁਲਜੀਤ ਸਿੰਘ ਵਿਸ਼ੇਸ਼ ਤੌਰ ਤੇ ਮੇਲੇ ਵਿਚ ਸ਼ਾਮਿਲ ਹੋਣਗੇ |