ਭੁਲੱਥ, 26 ਜੂਨ (ਮੇਹਰ ਚੰਦ ਸਿੱਧੂ)-ਥਾਣਾ ਭੁਲੱਥ ਪੁਲਿਸ ਵਲੋਂ ਚੋਰੀਸ਼ੁਦਾ 7 ਮੋਟਰਸਾਈਕਲ ਤੇ ਇਕ ਸਕੂਟਰੀ ਸਮੇਤ ਵਿਅਕਤੀ ਨੂੰ ਕਾਬੂ ਕਰਨ ਲਈ ਸਫਲਤਾ ਹਾਸਲ ਕੀਤੀ ਹੈ| ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਗਗਨਦੀਪ ਸਿੰਘ ਘੁੰਮਣ ਤੇ ਥਾਣਾ ਮੁਖੀ ਬਿਕਰਮਜੀਤ ਸਿੰਘ ਚੌਹਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਐੱਸ.ਐੱਸ.ਪੀ. ਗੌਰਵ ਤੂਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਪਾਰਟੀ ਭੁਲੱਥ ਚੌਂਕ ਵਿਚ ਨਾਕਾਬੰਦੀ ਦੌਰਾਨ ਮੌਜੂਦ ਸੀ ਕਿ ਕਿਸੇ ਖ਼ਾਸ ਮੁਖ਼ਬਰ ਦੀ ਇਤਲਾਹ ‘ਤੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ, ਜਿਸ ਨੇ ਆਪਣਾ ਨਾਂਅ ਗੁਰਵਿੰਦਰ ਸਿੰਘ ਉਰਫ਼ ਗੋਰਾ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਰਮੀਦੀ ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਦੱਸਿਆ, ਜਿਸ ਪਾਸੋਂ ਮੌਕੇ ‘ਤੇ ਇਕ ਚੋਰੀ ਸ਼ੁਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ, ਜਿਸ ‘ਤੇ ਉਕਤ ਵਿਅਕਤੀ ਖ਼ਿਲਾਫ਼ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ, ਅਗਲੀ ਕਾਰਵਾਈ ਦੌਰਾਨ ਹੈੱਡ ਕਾਂਸਟੇਬਲ ਪਿ੍ੰਸ ਕੁਮਾਰ ਵੱਲੋਂ ਤਫ਼ਤੀਸ਼ ਕੀਤੀ ਗਈ ਤਾਂ ਗੁਰਵਿੰਦਰ ਸਿੰਘ ਉਰਫ਼ ਗੋਰਾ ਪਾਸੋਂ 7 ਮੋਟਰਸਾਈਕਲ ਤੇ ਇੱਕ ਸਕੂਟਰੀ ਮੈਸਟਰੋ ਬਰਾਮਦ ਕੀਤੀ ਗਈ | ਉਕਤ ਵਿਅਕਤੀ ਨੇ ਮੰਨਿਆ ਕਿ ਉਸ ਨੇ ਸਾਰੇ ਵਹੀਕਲਜ਼ ਥਾਣਾ ਭੁਲੱਥ ਤੇ ਹੋਰ ਥਾਣਿਆਂ ਦੇ ਏਰੀਏ ਵਿਚੋਂ ਚੋਰੀ ਕੀਤੇ ਸਨ | ਡੀ.ਐਸ.ਪੀ. ਗਗਨਦੀਪ ਸਿੰਘ ਤੇ ਐੱਸ.ਐੱਚ.ਓ. ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈਣ ਉਪਰੰਤ ਚੋਰੀ ਦੇ ਹੋਰ ਵੀ ਵਹੀਕਲਜ਼ ਬਰਾਮਦ ਹੋਣ ਦੀ ਉਮੀਦ ਹੈ |