ਕਪੂਰਥਲਾ, 26 ਜੂਨ (ਅਮਰਜੀਤ ਕੋਮਲ)-ਪੋਲੀਓ ਦੇ ਖ਼ਾਤਮੇ ਲਈ ਸਿਹਤ ਵਿਭਾਗ ਵਲੋਂ 28 ਜੂਨ ਤੋਂ 30 ਜੂਨ ਤੱਕ ਕੌਮੀ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ | ਜਿਸ ਵਿਚ 0 ਤੋਂ 5 ਸਾਲ ਦੀ ਉਮਰ ਦੇ 86501 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਸਿਹਤ ਵਿਭਾਗ ਵਲੋਂ 855 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ | ਇਹ ਜਾਣਕਾਰੀ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸਿਹਤ ਵਿਭਾਗ ਵਲੋਂ ਇਸ ਮੁਹਿੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕਰਨ ਤੋਂ ਬਾਅਦ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਮੁਹਿੰਮ ਨੂੰ ਸਫ਼ਲ ਬਣਾਉਣ ਲਈ 20 ਟਰਾਂਜ਼ਿਟ ਟੀਮਾਂ ਤੇ 77 ਮੋਬਾਈਲ ਟੀਮਾਂ ਦਾ ਗਠਨ ਕੀਤਾ ਗਿਆ ਹੈ ਤੇ ਇਸ ਮੁਹਿੰਮ ਦੀ ਨੇੜਿਓ ਨਿਗਰਾਨੀ ਲਈ 104 ਸੁਪਰਵਾਈਜ਼ਰਾਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੋਬਾਈਲ ਟੀਮਾਂ ਅਰਧ ਸ਼ਹਿਰੀ ਖੇਤਰਾਂ, ਝੁੱਗੀ ਝੌਂਪੜੀਆਂ, ਛੋਟੀਆਂ ਤੇ ਵੱਡੀਆਂ ਉਦਯੋਗਿਕ ਇਕਾਈਆਂ ਵਿਚ ਰਹਿਣ ਵਾਲੇ ਬੱਚਿਆਂ ਦਾ ਟੀਕਾਕਰਨ ਕਰਨਗੀਆਂ, ਜਦਕਿ ਟਰਾਂਜ਼ਿਟ ਟੀਮਾਂ ਬੱਸ ਸਟੈਂਡ, ਰੇਲਵੇ ਸਟੇਸ਼ਨ ਤੇ ਹੋਰ ਆਵਾਜਾਈ ਵਾਲੀ ਥਾਂ ‘ਤੇ ਬੱਚਿਆਂ ਨੂੰ ਪੋਲੀਓ ਬੰੂਦਾਂ ਪਿਲਾਉਣਗੀਆਂ | ਉਨ੍ਹਾਂ ਆਪਸੀ ਤਾਲਮੇਲ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸਿੱਖਿਆ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਲੋਕ ਨਿਰਮਾਣ ਵਿਭਾਗ, ਟਰਾਂਸਪੋਰਟ ਵਿਭਾਗ, ਜ਼ਿਲ੍ਹਾ ਪ੍ਰੋਗਰਾਮ ਦਫ਼ਤਰ, ਬੱਸ ਸਟੈਂਡ ਦੇ ਜਨਰਲ ਮੈਨੇਜਰ ਤੇ ਰੇਲਵੇ ਅਧਿਕਾਰੀਆਂ ਸਮੇਤ ਹੋਰ ਸਬੰਧਿਤ ਵਿਭਾਗਾਂ ਨੂੰ ਪਲਸ ਪੋਲੀਓ ਮੁਹਿੰਮ ਦੀ ਸਫ਼ਲਤਾ ਲਈ ਪੂਰਨ ਸਹਿਯੋਗ ਦੇਣ ਦੀ ਹਦਾਇਤ ਕੀਤੀ | ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਬੱਚਿਆਂ ਦੇ ਮਾਪਿਆਂ ਨੂੰ ਪੋਲੀਓ ਟੀਕਾਕਰਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਇਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਨ | ਇਸ ਤੋਂ ਇਲਾਵਾ ਲਾਊਡ ਸਪੀਕਰਾਂ, ਫ਼ਰੰਟ ਲਾਈਨ ਸਿਹਤ ਕਰਮਚਾਰੀਆਂ, ਸਰਪੰਚਾਂ, ਕੌਂਸਲਰਾਂ ਤੇ ਹੋਰ ਸਮਾਜਿਕ ਨੁਮਾਇੰਦਿਆਂ ਰਾਹੀਂ ਪੋਲੀਓ ਮੁਹਿੰਮ ਦਾ ਵੱਡੇ ਪੱਧਰ ‘ਤੇ ਪ੍ਰਚਾਰ ਕੀਤਾ ਜਾਵੇ ਤਾਂ ਜੋ ਕੋਈ ਵੀ ਯੋਗ ਬੱਚਾ ਪੋਲੀਓ ਪੀਣ ਤੋਂ ਵਾਂਝਾ ਨਾ ਰਹਿ ਜਾਵੇ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਤਿੰਨ ਰੋਜ਼ਾ ਮੁਹਿੰਮ ਦੌਰਾਨ ਆਪਣੇ 5 ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਨੂੰ ਪੋਲੀਓ ਬੂੰਦਾਂ ਦੀਆਂ ਜੀਵਨ ਰੱਖਿਅਕ ਬੂੰਦਾਂ ਪਿਲਾਉਣ |