ਕਪੂਰਥਲਾ, 1 ਜੁਲਾਈ (ਅਮਰਜੀਤ ਕੋਮਲ)- ਬਿ੍ਜ ਫੈਡਰੇਸ਼ਨ ਆਫ਼ ਇੰਡੀਆ ਵਲੋਂ ਗੋਆ ਵਿਚ ਕਰਵਾਈ ਗਈ 7 ਰੋਜ਼ਾ ਬੋਨਸ ਏਸ਼ੀਆ ਕੱਪ ਬਿ੍ਜ ਚੈਂਪੀਅਨਸ਼ਿਪ 2026 ਵਿਚ ਕਪੂਰਥਲਾ ਦੀ ਜੰਮਪਲ ਸਵਲੀਨ ਥਿਡਾਨੀ ਨੇ ਸਿਲਵਰ ਮੈਡਲ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ | ਇੱਥੇ ਵਰਨਣਯੋਗ ਹੈ ਕਿ ਇਸ ਚੈਂਪੀਅਨਸ਼ਿਪ ਵਿਚ ਭਾਰਤ, ਬੰਗਲਾਦੇਸ਼, ਚੀਨ, ਜਪਾਨ, ਸਿੰਘਾਪੁਰ, ਥਾਈਲੈਂਡ, ਸਾਉਦੀ ਅਰਬ, ਦੱਖਣੀ ਕੋਰੀਆ, ਯੂ.ਏ.ਈ., ਇੰਡੋਨੇਸ਼ੀਆ, ਆਸਟਰੇਲੀਆ ਸਮੇਤ 13 ਦੇਸ਼ਾਂ ਦੀਆਂ 46 ਬਿ੍ਜ ਟੀਮਾਂ ਨੇ ਭਾਗ ਲਿਆ ਸੀ | ਚੈਂਪੀਅਨਸ਼ਿਪ ਵਿਚ ਭਾਰਤੀ ਟੀਮ ਦੀ ਨੁਮਾਇੰਦਗੀ ਕਰਦਿਆਂ ਸਵਲੀਨ ਥਿਡਾਨੀ ਤੇ ਸਾਧਨਾ ਗੁਪਤਾ ਦੀ ਜੋੜੀ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਜਿੱਤ ਕੇ ਭਾਰਤ ਦਾ ਪਰਚਮ ਲਹਿਰਾਇਆ | ਸਵਲੀਨ ਥਿਡਾਨੀ ਦੇ ਪਿਤਾ ਚਰਨਜੀਤ ਸਿੰਘ ਕੋਚਰ ਨੇ ਦੱਸਿਆ ਕਿ ਉਨ੍ਹਾਂ ਦੀ ਹੋਣਹਾਰ ਪੁੱਤਰੀ ਵਲੋਂ ਬਿ੍ਜ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਣ ‘ਤੇ ਉਹ ਮਾਣ ਮਹਿਸੂਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਵਲੀਨ ਨੇ ਭਾਰਤ ਤੋਂ ਇਲਾਵਾ ਦੁਬਈ ਤੇ ਹੋਰ ਦੇਸ਼ਾਂ ਵਿਚ ਬਿ੍ਜ ਟੂਰਨਾਮੈਂਟ ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਵਕਾਰੀ ਸਨਮਾਨ ਪ੍ਰਾਪਤ ਕੀਤੇ | ਉਨ੍ਹਾਂ ਕਿਹਾ ਕਿ ਸਵਲੀਨ ਨੇ ਵੈਲਿਮ ਗਰਲਜ਼ ਸਕੂਲ ਦੇਹਰਾਦੂਨ (ਉਤਰਾਖੰਡ) ਵਿਚ ਆਪਣੀ +2 ਦੀ ਪੜ੍ਹਾਈ ਦੌਰਾਨ ਵੱਖ-ਵੱਖ ਖੇਡਾਂ ਵਿਚ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਤੇ ਚੰਡੀਗੜ੍ਹ ਵਿਚ ਉਚੇਰੀ ਪੜ੍ਹਾਈ ਦੌਰਾਨ ਉਸਨੇ ਪੜ੍ਹਾਈ ਦੇ ਨਾਲ-ਨਾਲ ਖੇਡ ਦੇ ਖੇਤਰ ਵਿਚ ਨਾਮਣਾ ਖੱਟਿਆ | ਚਰਨਜੀਤ ਸਿੰਘ ਕੋਚਰ ਨੇ ਦੱਸਿਆ ਕਿ ਉਹ ਪਿਛਲੇ 7-8 ਵਰਿ੍ਹਆਂ ਤੋਂ ਸਾਰਾ ਧਿਆਨ ਬਿ੍ਜ (ਦਿਮਾਗੀ ਖੇਡ) ‘ਤੇ ਕੇਂਦਰਿਤ ਕਰ ਰਹੀ ਸੀ ਤੇ ਸਿੱਟੇ ਵਜੋਂ ਉਸਨੂੰ 5ਵੀਂ ਬੋਨਸ ਏਸ਼ੀਆ ਕੱਪ ਬਿ੍ਜ ਚੈਂਪੀਅਨਸ਼ਿਪ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਅਵਸਰ ਮਿਲਿਆ ਹੈ | ਇਸੇ ਦੌਰਾਨ ਹੀ ਸਵਲੀਨ ਥਿਡਾਨੀ ਨੇ ਦੱਸਿਆ ਕਿ ਬਿ੍ਜ ਵਿਚ ਮੁਹਾਰਤ ਹਾਸਲ ਕਰਨ ਤੇ ਨਿਰੰਤਰ ਅਭਿਆਸ ਦੌਰਾਨ ਉਨ੍ਹਾਂ ਦੇ ਪਤੀ ਕੈਲਾਸ਼ ਥਿਡਾਨੀ (ਕੇ.ਟੀ.) ਨੇ ਵੀ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ | ਉਨ੍ਹਾਂ ਕਿਹਾ ਕਿ ਆਪਣੇ ਖੇਡ ਦੇ ਵਧੀਆ ਪ੍ਰਦਰਸ਼ਨ ਤੇ ਪਰਿਵਾਰ ਦੇ ਸਹਿਯੋਗ ਸਦਕਾ ਹੀ ਉਹ ਇਸ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਣ ਵਿਚ ਸਫ਼ਲ ਹੋਈ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਆਪਣੀ ਖੇਡ ਦਾ ਨਿਰੰਤਰ ਅਭਿਆਸ ਕਰਦਿਆਂ ਉਹ ਦੇਸ਼ ਲਈ ਸੋਨੇ ਦਾ ਤਗਮਾ ਜਿੱਤਣ ਲਈ ਸਖ਼ਤ ਮਿਹਨਤ ਕਰੇਗੀ |