ਭੁਲੱਥ, 4 ਜੁਲਾਈ (ਮੇਹਰ ਚੰਦ ਸਿੱਧੂ)-ਇਥੋਂ ਥੋੜੀ ਦੂਰੀ ’ਤੇ ਪੈਂਦੇ ਪਿੰਡ ਖੱਸਣ ਵਿਖੇ ਪੀਰ ਬਾਬਾ ਮੁਲਖ ਸ਼ਾਹ ਦੇ ਦਰਬਾਰ ‘ਤੇ 48ਵਾਂ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਧਰਮਵੀਰ ਕਾਲੀਆ ਉਰਫ਼ ਬਾਬਾ ਕਾਲੂ ਦੀ ਅਗਵਾਈ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ| ਪ੍ਰਸਿੱਧ ਕੱਵਾਲਾਂ ਵਲੋਂ ਸਵੇਰੇ 10 ਵਜੇ ਕੱਵਾਲੀਆਂ ਪੇਸ਼ ਕੀਤੀਆਂ ਤੇ ਸੂਫ਼ੀ ਕਲਾਮ ਰਾਹੀ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ, ਝੰਡੇ ਦੀ ਰਸਮ ਤੇ ਦਰਗਾਹ ਸ਼ਰੀਫ਼ ‘ਤੇ ਚਾਦਰਾਂ ਚੜ੍ਹਾਉਣ ਦੀ ਰਸਮ ਸਵੇਰੇ 10 ਵਜੇ ਅਦਾ ਕੀਤੀ ਗਈ। ਉਪਰੰਤ ਮੇਲੇ ਦੀ ਰੌਣਕ ਵਧਾਉਣ ਲਈ ਉਚੇਚੇ ਤੌਰ ’ਤੇ ਪਹੁੰਚੇ ਪੰਜਾਬ ਦੇ ਨਾਮਵਰ ਸੂਫ਼ੀ ਕਲਾਕਾਰ ਜਸਵਿੰਦਰ ਗੁਲਾਮ, ਮਾਹੀ ਖ਼ਾਨ, ਸਾਬੀ ਬਰਾੜ, ਸਰੋਜਨਾ ਸ਼ੀਮਾਰ, ਰਾਜੂ ਸ਼ਾਹ ਮਸਤਾਨਾ, ਹੋਰੀ ਬਾਦਸ਼ਾਹ, ਅਮਰੀਕ ਮਾਈਕਲ, ਨੂਰ ਸਿੱਧੂ, ਰਮਜ਼ਾਨਾ ਹੀਰ, ਸ਼ਿੰਗਾਰ ਨਿਮਾਣਾ, ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ, ਸੁਰਿੰਦਰ ਲਾਡੀ, ਆਰ. ਕੇ. ਮਹਿੰਦੀ, ਸਾਬਰੀ ਬ੍ਰਦਰਜ਼, ਰਹਿਮਤ ਸੂਫ਼ੀ, ਕੇ. ਕੇ. ਸਿੰਘ ਤੇ ਹੋਰ ਨਾਮਵਰ ਕਲਾਕਾਰਾਂ ਵਲੋਂ ਹਾਜ਼ਰੀ ਲਗਵਾਈ। ਸੂਫ਼ੀ ਕਲਾਮ ਪੇਸ਼ ਕਰਕੇ ਸੰਗਤਾਂ ਨੂੰ ਸੂਫ਼ੀਆਨਾ ਰੰਗਤ ਵਿਚ ਰੰਗ ਕੇ ਇਲਮੇ ਮੋਸਕੀ ਵਿਚ ਝੂਮਣ ਲਗਾ ਦਿੱਤਾ | ਇਸ ਮੌਕੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਸ਼ਿਰਕਤ ਕੀਤੀ ਗਈ|