ਸੁਲਤਾਨਪੁਰ ਲੋਧੀ, 5 ਜੁਲਾਈ (ਨਰੇਸ਼ ਹੈਪੀ)-ਸ਼੍ਰੋਮਣੀ ਅਕਾਲੀ ਦਲ ਹਲਕਾ ਸੁਲਤਾਨਪੁਰ ਲੋਧੀ ਦੇ ਸੀਨੀਅਰ ਅਕਾਲੀ ਆਗੂ ਕਰਨਜੀਤ ਸਿੰਘ ਆਹਲੀ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕਰਕੇ ਪੰਜਾਬ ਦੇ ਨਾਲ ਨਾਲ ਸੁਲਤਾਨਪੁਰ ਲੋਧੀ ਹਲਕੇ ਦੇ ਗੰਭੀਰ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕਰਦਿਆਂ ਹਲਕੇ ਵਿਚ ਅਕਾਲੀ ਦਲ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ | ਇਸ ਮੌਕੇ ਨਿੱਝਰ ਨੇ ਆਹਲੀ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਹਲਕੇ ਦੇ ਹਰ ਪਿੰਡ ਚ ਬੂਥ ਲੈਵਲ ਤਕ ਪਹੁੰਚ ਕਰਨੀ ਪਵੇਗੀ | ਉਨ੍ਹਾਂ ਕਿਹਾ ਕਿ ਹਰ ਨੌਜਵਾਨ ਤਕ ਪਹੁੰਚ ਬਣਾਉਣੀ ਪੈਣੀ ਹੈ ਕਿਉਂਕਿ ਨੌਜਵਾਨ ਵਰਗ ਨੂੰ ਲਾਮਬੰਦ ਕਰਨਾ ਬਹੁਤ ਜ਼ਰੂਰੀ ਹੈ | ਝੂਠ ਦੀ ਰਾਜਨੀਤੀ ਤੋਂ ਪੰਜਾਬ ਨੂੰ ਬਚਾਉਣ ਲਈ ਯੂਥ ਨੂੰ ਲਾਮਬੰਦ ਕੀਤਾ ਜਾਵੇਗਾ | ਇਸ ਮੁਲਾਕਾਤ ਤੋਂ ਬਾਅਦ ਆਹਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ 2027 ‘ਚ ਪੰਜਾਬ ਅੰਦਰ ਬਣਨ ਜਾ ਰਹੀ ਸਰਕਾਰ ਦੇ ਦਾਅਵੇ ਨੂੰ ਲੈ ਕੇ ਪਾਰਟੀ ਵਰਕਰਾਂ ਤੇ ਸਮਰਥਕਾਂ ਵਿਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਵਿਕਾਸ, ਕਿਸਾਨਾਂ ਦੀ ਭਲਾਈ, ਨੌਜਵਾਨਾਂ ਲਈ ਰੋਜ਼ਗਾਰ ਤੇ ਧਾਰਮਿਕ-ਸੰਸਕਿ੍ਤਿਕ ਮੁੱਲਾਂ ਦੀ ਰੱਖਿਆ ਲਈ ਵਚਨਬੱਧ ਹਨ |ਉਨ੍ਹਾਂ ਦੀ ਅਗਵਾਈ ਹੇਠ 2027 ਦੀਆਂ ਚੋਣਾਂ ਵਿਚ ਲੋਕਾਂ ਦਾ ਭਰੋਸਾ ਜਿੱਤ ਕੇ ਅਕਾਲੀ ਦਲ ਮੁੜ ਸੂਬੇ ਵਿਚ ਆਪਣੀ ਸਰਕਾਰ ਬਣਾਉਣ ਲਈ ਤਿਆਰ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸੂਬੇ ਦੀ ਰਾਜਨੀਤੀ ਵਿਚ ਲੰਬੇ ਸਮੇਂ ਤੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਆਹਲੀ ਨੇ ਕਿਹਾ ਕਿ ਜਦੋਂ ਜਦੋਂ ਪੰਜਾਬ ਅੰਦਰ ਅਕਾਲੀ ਦਲ ਦੀ ਸਰਕਾਰ ਆਈ ਹੈ ਉਦੋਂ ਉਦੋਂ ਹੀ ਪੰਜਾਬ ਦਾ ਵਿਕਾਸ ਹੋਇਆ ਹੈ | ਉਨ੍ਹਾਂ ਦਾਅਵਾ ਕੀਤਾ ਕਿ 2027 ਵਿਚ ਸ਼੍ਰੋਮਣੀ ਅਕਾਲੀ ਦਲ ਮੁੜ ਸੱਤਾ ਤੇ ਕਾਬਜ਼ ਹੋਵੇਗਾ ਤੇ ਪੰਜਾਬ ਮੁੜ ਵਿਕਾਸ ਦੀਆਂ ਲੀਹਾਂ ਤੇ ਹੋਵੇਗਾ | ਇਸ ਮੌਕੇ ਤੇ ਕੋਰ ਕਮੇਟੀ ਮੈਂਬਰ ਸਤਨਾਮ ਸਿੰਘ ਕੈਲੇ, ਐਸਜੀਪੀਸੀ ਮੈਂਬਰ ਜਸਮੇਲ ਸਿੰਘ ਲਾਲੜੂ, ਪਰਮਿੰਦਰ ਸਿੰਘ ਮਰਵਾਹਾ, ਜਸਦੇਵ ਸਿੰਘ, ਤੇਜਪਾਲ ਸਿੰਘ ਆਦਿ ਵੀ ਹਾਜ਼ਰ ਸਨ |