ਫਗਵਾੜਾ, 6 ਜੁਲਾਈ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਮੋਹਤਬਰ ਵਿਅਕਤੀਆਂ ਦਾ ਇੱਕ ਵਫ਼ਦ ਅੱਜ ਅੰਬੇਡਕਰ ਸੈਨਾ ਪੰਜਾਬ ਦੇ ਪ੍ਰਧਾਨ ਸੁਰਿੰਦਰ ਢੰਡਾ ਦੀ ਅਗਵਾਈ ਹੇਠ ਐਸ.ਪੀ. ਮਾਧਵੀ ਸ਼ਰਮਾ ਨੂੰ ਮਿਲਿਆ ਅਤੇ ਦੀ ਕਾਨੂੰਨ ਵਿਵਸਥਾ ਨਾਲ ਸਬੰਧਿਤ ਸ਼ਹਿਰ ਦੀਆਂ ਸਮੱਸਿਆਵਾਂ ਵੱਲ ਉਨ੍ਹਾਂ ਦਾ ਧਿਆਨ ਦੁਆਉਂਦੇ ਹੋਏ ਸਮਾਂ ਰਹਿੰਦੇ ਢੁਕਵੇਂ ਕਦਮ ਚੁੱਕਣ ਦੀ ਅਪੀਲ ਕੀਤੀ | ਇਸ ਮੁਲਾਕਾਤ ਉਪਰੰਤ ਗੱਲਬਾਤ ਕਰਦੇ ਹੋਏ ਪ੍ਰਧਾਨ ਸੁਰਿੰਦਰ ਢੰਡਾ ਤੋਂ ਇਲਾਵਾ ਸੁਖਵਿੰਦਰ ਸਿੰਘ ਸ਼ੇਰਗਿੱਲ ਅਤੇ ਇੰਜੀਨੀਅਰ ਪ੍ਰਦੀਪ ਮੱਲ ਨੇ ਦੱਸਿਆ ਕਿ ਸ਼ਹਿਰ ‘ਚ ਲੰਬੇ ਸਮੇਂ ਤੋਂ ਬਣੀ ਹੋਈ ਕਾਨੂੰਨ ਵਿਵਸਥਾ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ | ਜਿਸ ਤਹਿਤ ਨਸ਼ਾ ਖੌਰੀ, ਚੋਰੀਆਂ, ਸ਼ਰੇਆਮ ਲੜਾਈ ਝਗੜੇ ਅਤੇ ਇੱਕ ਯੂਨੀਵਰਸਿਟੀ ਦੇ ਆਸ-ਪਾਸ ਸ਼ਰੇਆਮ ਰਾਤ ਨੂੰ ਚੱਲ ਰਹੀ ਜਿਸਮ ਫਰੋਸ਼ੀ ਮੁੱਖ ਤੌਰ ਤੇ ਸ਼ਾਮਲ ਸਨ | ਇਸ ਤੋਂ ਇਲਾਵਾ ਮੁਹੱਲਾ ਕੌਲਸਰ ਵਿਖੇ ਦੋ ਧਿਰਾਂ ਦੀ ਧੜੇਬੰਦੀ ਕਾਰਨ ਪਾਰਕ ਵਿਚ ਸਥਾਪਤ ਬਾਬਾ ਸਾਹਿਬ ਦੇ ਬੁੱਤ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਬਾਰੇ ਵੀ ਐਸ.ਪੀ. ਨੂੰ ਜਾਣੂ ਕਰਵਾਇਆ ਗਿਆ | ਇਸ ਮੌਕੇ ਪੁਸ਼ਪਿੰਦਰ ਕੌਰ, ਪਰਮਿੰਦਰ ਬੋਧ, ਰਾਮ ਮੂਰਤੀ ਖੇੜਾ, ਅਰੁਣ ਸ਼ਰਮਾ, ਮਨੋਜ ਕੁਮਾਰ, ਮਨਦੀਪ ਸੋਨੂੰ ਸਮੇਤ ਹੋਰ ਪਤਵੰਤੇ ਹਾਜ਼ਰ ਸਨ |