ਫਗਵਾੜਾ, 6 ਜੁਲਾਈ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਬੰਗਾ ਚੌਂਕ ‘ਚ ਪਿਛਲੇ ਪੰਜ ਸਾਲਾ ਤੋਂ ਬੰਦ ਪਏ ਨਾਲੇ ਤੇ ਨਾਲੀਆਂ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਹੋ ਗਿਆ ਹੈ | ਬਾਜ਼ਾਰ ਵਾਸੀ ਰਾਜੀਵ ਸ਼ਰਮਾ, ਪਰਮਿੰਦਰ ਸਿੰਘ ਭੋਗਲ, ਅਵਤਾਰ ਚੰਦ ਖੋਥੜਾ ਆਦਿ ਨੇ ਦੱਸਿਆ ਕਿ ਨਾਲੇ ਬੰਦ ਪਏ ਹੋਣ ਕਰਕੇ ਥੋੜ੍ਹੀ ਜਿਹੀ ਬਰਸਾਤ ਦਾ ਪਾਣੀ ਸੜਕ ‘ਤੇ ਖੜ੍ਹ ਜਾਂਦਾ ਹੈ ਜਿਸ ਕਾਰਨ ਸੜਕ ਬੁਰੀ ਤਰ੍ਹਾਂ ਟੁੱਟੀ ਪਈ ਹੈ | ਉਨ੍ਹਾਂ ਕਿਹਾ ਕਿ ਕਈ ਸਾਲਾ ਤੋਂ ਸਫ਼ਾਈ ਨਹੀਂ ਸੀ ਹੋ ਰਹੀ, ਕਈ ਦੁਕਾਨਾਂ ਅੱਗੇ ਵੱਡੇ ਥੜੇ ਹੋਣ ਕਾਰਨ ਵੀ ਦਿੱਕਤ ਪੇਸ਼ ਆਉਂਦੀ ਸੀ | ਬਾਜ਼ਾਰ ਵਾਸੀਆਂ ਨੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਤੇ ਕਮਿਸ਼ਨਰ ਰਣਦੀਪ ਸਿੰਘ ਹੀਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੰਮ ਨਾਲ ਬਾਜ਼ਾਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ | ਸੰਪਰਕ ਕਰਨ ‘ਤੇ ਡਾ. ਚੱਬੇਵਾਲ ਨੇ ਕਿਹਾ ਕਿ ਦੁਕਾਨਦਾਰਾ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਜਿੱਥੇ ਵੀ ਸਮੱਸਿਆ ਆਉਂਦੀ ਹੈ ਉਨ੍ਹਾਂ ਦੇ ਧਿਆਨ ‘ਚ ਲਿਆਂਦੀ ਜਾਵੇ ਤਾਂ ਜੋ ਉਸ ਦਾ ਤੁਰੰਤ ਹੱਲ ਹੋ ਸਕੇ |