ਕਪੂਰਥਲਾ, 6 ਜੁਲਾਈ (ਵਿ.ਪ੍ਰ.)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਦੀ ਇਕ ਵਿਸ਼ੇਸ਼ ਮੀਟਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਤੇ ਗੁਰਦੀਪ ਸਿੰਘ ਦੀ ਅਗਵਾਈ ਵਿਚ ਹੋਈ | ਮੀਟਿੰਗ ਦੇ ਆਰੰਭ ਵਿਚ ਵਿੱਛੜੇ ਪੈਨਸ਼ਨਰਜ਼ ਸਾਥੀਆਂ ਅਜੀਤ ਸਿੰਘ ਸੇਵਾ ਮੁਕਤ ਇੰਸਪੈਕਟਰ, ਮਾਸਟਰ ਨਿਰਮਲ ਸਿੰਘ ਖਾਲੂ ਅਤੇ ਸ੍ਰੀਮਤੀ ਵੀਰਾਂ ਸ਼ਰਮਾ ਦੇ ਅਕਾਲ ਚਲਾਣੇ ‘ਤੇ ਸ਼ੋਕ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ ਵਿਚ ਪੰਜਾਬ ਗੌਰਮਿੰਟ ਮੁਲਾਜ਼ਮ, ਪੈਨਸ਼ਨ ਸਾਂਝਾ ਫ਼ਰੰਟ ਤੇ ਮੁਲਾਜ਼ਮ ਮੰਚ ਦੇ ਸੱਦੇ ‘ਤੇ 17 ਜੁਲਾਈ ਨੂੰ ਚੰਡੀਗੜ੍ਹ ਵਿਚ ਹੋਣ ਵਾਲੀ ਰੈਲੀ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ | ਮੀਟਿੰਗ ਨੂੰ ਐਸੋਸੀਏਸ਼ਨ ਦੇ ਆਗੂ ਸੁੱਚਾ ਸਿੰਘ ਤੇ ਗੁਰਦੀਪ ਸਿੰਘ ਤੋਂ ਇਲਾਵਾ ਸੁਖਵਿੰਦਰ ਸਿੰਘ ਚੀਮਾ, ਵਿਨੋਦ ਕਪੂਰ, ਹਰੀਸ਼ ਚੋਪੜਾ, ਐਡਵੋਕੇਟ ਦਲਜੀਤ ਸਿੰਘ ਸਹੋਤਾ, ਹਰਿੰਦਰ ਸਿੰਘ ਚੀਮਾ, ਜਸਵੰਤ ਵਿਰਲੀ, ਸੇਵਾ ਮੁਕਤ ਮੁੱਖ ਅਧਿਆਪਕ ਇੰਦਰਪਾਲ ਸਿੰਘ, ਪਿ੍ੰਸੀਪਲ ਤਰਸੇਮ ਲਾਲ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਤੇ ਪੈਨਸ਼ਨ ਵਿਰੋਧੀ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਤੇ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੱਲਦਾ ਕਰਨ ਦਾ ਸੱਦਾ ਦਿੱਤਾ | ਮੀਟਿੰਗ ਵਿਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਬਣਦਾ 18 ਪ੍ਰਤੀਸ਼ਤ ਡੀ.ਏ. ਦੇ ਬਕਾਏ ਦੇ ਬਕਾਏ ਦੀ ਅਦਾਇਗੀ ਅਤੇ ਪੈਨਸ਼ਨਰਾਂ ਦੇ 2.59 ਗੁਣਾਂਕ ਨਾਲ ਪੈਨਸ਼ਨ ਦੀ ਸੁਧਾਈ ਤੇ ਬੱਝਵਾਂ ਮੈਡੀਕਲ ਭੱਤਾ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਮੰਗ ਕੀਤੀ ਗਈ | ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਲੋਕਾਂ ਵਿਚ ਵੰਡੀਆਂ ਪਾਉਣ ਤੇ ਲੋਕ ਲੁਭਾਓ ਐਲਾਨ ਤੋਂ ਇਲਾਵਾ ਉੱਘੇ ਚਿੰਤਕ ਡਾ. ਪਿਆਰੇ ਲਾਲ ਗਰਗ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਪ੍ਰਤੀ ਵਤੀਰੇ ਦੀ ਵੀ ਨਿੰਦਾ ਕੀਤੀ | ਮੀਟਿੰਗ ਵਿਚ ਗੁਰਚਰਨ ਸਿੰਘ ਘੁੰਮਣ, ਗੁਰਦੇਵ ਸਿੰਘ, ਜੋਗਾ ਸਿੰਘ, ਤਰਲੋਚਨ ਸਿੰਘ, ਜਗਜੀਤ ਸਿੰਘ, ਕਰਨੈਲ ਸਿੰਘ ਬੂਲਪੁਰ, ਸ਼ਿਵਦੱਤ ਕਾਲੀਆ, ਸੁਕੇਸ਼ ਕੁਮਾਰ ਜੋਸ਼ੀ, ਗੁਰਮੀਤ ਸਿੰਘ ਆਦਿ ਹਾਜ਼ਰ ਸਨ |