ਕਪੂਰਥਲਾ, 6 ਜੁਲਾਈ (ਅਮਰਜੀਤ ਕੋਮਲ)-ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ, ਇਹ ਅਖਾਣ ਨਗਰ ਨਿਗਮ ਕਪੂਰਥਲਾ ‘ਤੇ ਬਿਲਕੁਲ ਢੁੱਕਦਾ ਹੈ | ਬਰਸਾਤ ਦੇ ਮੌਸਮ ਤੋਂ ਪਹਿਲਾਂ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਨਗਰ ਨਿਗਮ ਤੇ ਨਗਰ ਕੌਂਸਲਾਂ ਦੇ ਕਮਿਸ਼ਨਰਾਂ ਤੇ ਕਾਰਜਸਾਧਕ ਅਫ਼ਸਰਾਂ ਦੀ ਇਕ ਮੀਟਿੰਗ ਵਿਚ ਉਨ੍ਹਾਂ ਨੂੰ ਹਦਾਇਤ ਕੀਤੀ ਸੀ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜਿਹੜੀਆਂ ਡਰੇਨਜ਼ ਜਾਂ ਨਾਲੇ ਨਗਰ ਨਿਗਮਾਂ ਜਾਂ ਨਗਰ ਕੌਂਸਲਾਂ ਦੀ ਹਦੂਦ ਵਿਚ ਪੈਂਦੇ ਹਨ, ਉਨ੍ਹਾਂ ਦੀ ਸਫ਼ਾਈ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਕਰਵਾਈ ਜਾਵੇ, ਪਰ ਨਗਰ ਨਿਗਮ ਕਪੂਰਥਲਾ ਨੇ ਪੰਜਾਬ ਸਰਕਾਰ ਤੇ ਡੀ.ਸੀ. ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕੀਤੀ ਤੇ ਅੱਜ ਵੀ ਕਪੂਰਥਲਾ ਸ਼ਹਿਰ ਦੀ ਪੁਲਿਸ ਲਾਈਨ, ਬ੍ਰਹਮਕੁੰਡ ਮੰਦਿਰ ਤੇ ਸ਼ਹਿਰ ਦੇ ਹੋਰ ਖੇਤਰਾਂ ਦੇ ਨਾਲ ਦੀ ਗੁਜ਼ਰਦੀ ਵਡਾਲਾ ਡਰੇਨ ਬੇਸ਼ੁਮਾਰ ਹਾਈਸਿੰਥ ਬੂਟੀ ਨਾਲ ਭਰੀ ਹੋਈ ਹੈ, ਪਰ ਨਿਗਮ ਵਲੋਂ ਅਜੇ ਤੱਕ ਇਸ ਦੀ ਸਫ਼ਾਈ ਦਾ ਕੰਮ ਸ਼ੁਰੂ ਨਹੀਂ ਕਰਵਾਇਆ ਗਿਆ | ‘ਅਜੀਤ’ ਵਲੋਂ ਅੱਜ ਡਰੇਨ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤੇ ਜਾਣ ‘ਤੇ ਪਤਾ ਲੱਗਾ ਕਿ ਜਿੱਥੇ ਡਰੇਨ ਹਾਈਸਿੰਥ ਬੂਟੀ ਨਾਲ ਭਰੀ ਪਈ ਹੈ, ਉੱਥੇ ਡਰੇਨ ਵਾਲੀ ਥਾਂ ‘ਤੇ ਨਜਾਇਜ਼ ਕਬਜ਼ੇ ਵੀ ਹੋ ਚੁੱਕੇ ਹਨ | ਕਪੂਰਥਲਾ ਤੋਂ ਕਾਂਜਲੀ ਰੋਡ ਵੱਲ ਜਾਂਦਿਆਂ ਸੜਕ ‘ਤੇ ਬਣੀ ਪੁਲੀ ਨੇੜੇ ਡਰੇਨ ਦੀ ਚੌੜਾਈ ਬਹੁਤ ਹੀ ਘੱਟ ਹੈ ਤੇ ਕਪੂਰਥਲਾ ਤੋਂ ਫੱਤੂਢੀਂਗਾ ਵੱਲ ਜਾਂਦਿਆਂ ਅੰਮਿ੍ਤਸਰ ਚੁੰਗੀ ਨੇੜੇ ਬਣੇ ਪੁਲ ‘ਤੇ ਡਰੇਨ ਬਹੁਤ ਚੌੜੀ ਦਿਖਾਈ ਦਿੰਦੀ ਹੈ | ਨਗਰ ਨਿਗਮ ਵਲੋਂ ਡਰੇਨ ਦੀ ਸਫ਼ਾਈ ਦਾ ਕੰਮ ਸ਼ੁਰੂ ਨਾ ਕਰਵਾਏ ਜਾਣ ਨੂੰ ਲੈ ਕੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਇਸ ਡਰੇਨ ਵਿਚ ਜਦੋਂ ਬਰਸਾਤੀ ਪਾਣੀ ਆਉਂਦਾ ਹੈ ਤਾਂ ਇਸ ਪਾਣੀ ਨਾਲ ਨੇੜਲੇ ਖੇਤਰਾਂ ਵਿਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਬਰਸਾਤ ਦੇ ਮੌਸਮ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਹੁਣ ਜਦੋਂ ਬਰਸਾਤ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਨਗਰ ਨਿਗਮ ਅਜੇ ਵੀ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ | ਡਰੇਨ ਵਿਭਾਗ ਦੇ ਇਕ ਸੇਵਾ ਮੁਕਤ ਚੀਫ਼ ਇੰਜੀਨੀਅਰ ਨੇ ਦੱਸਿਆ ਕਿ ਦੋ ਦਹਾਕੇ ਪਹਿਲਾਂ ਵਡਾਲਾ ਡਰੇਨ ਦੀ ਸਫ਼ਾਈ ਡਰੇਨਜ਼ ਵਿਭਾਗ ਦੀ ਜਲੰਧਰ ਵਿਚਲੀ ਮਕੈਨੀਕਲ ਡਵੀਜ਼ਨ ਵਲੋਂ ਕਰਵਾਈ ਜਾਂਦੀ ਸੀ ਤੇ ਇਸ ਸਫ਼ਾਈ ਦਾ ਖ਼ਰਚਾ ਨਗਰ ਨਿਗਮ ਅਦਾ ਕਰਦੀ ਸੀ ਤੇ ਇਸ ਵਾਰ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਪੱਤਰ ਦੀ ਮੁਤਾਬਿਕ ਡਿਪਟੀ ਕਮਿਸ਼ਨਰ ਨੇ ਇਸ ਡਰੇਨ ਦੀ ਸਫ਼ਾਈ ਨਗਰ ਨਿਗਮ ਨੂੰ ਕਰਵਾਉਣ ਲਈ ਕਿਹਾ ਤੇ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਡਰੇਨ ਦੀ ਸਫ਼ਾਈ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ | ਡਰੇਨ ਨੇੜੇ ਰਹਿੰਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੇ ਕਿਹਾ ਕਿ ਜੇਕਰ ਬਰਸਾਤ ਦੇ ਮੌਸਮ ਵਿਚ ਇਸ ਡਰੇਨ ਨੇ ਉਨ੍ਹਾਂ ਨੂੰ ਕੋਈ ਨੁਕਸਾਨ ਪਹੁੰਚਾਇਆ ਤਾਂ ਉਸ ਦੀ ਜ਼ਿੰਮੇਵਾਰੀ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ |